2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਤਿਆਰੀ ’ਚ ਭਾਜਪਾ, ਚੁੱਕੇ ਜਾ ਰਹੇ ਅਹਿਮ ਕਦਮ

Monday, Jul 11, 2022 - 12:40 PM (IST)

2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਤਿਆਰੀ ’ਚ ਭਾਜਪਾ, ਚੁੱਕੇ ਜਾ ਰਹੇ ਅਹਿਮ ਕਦਮ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਨੇ ਹੁਣ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੀ ਪਹਿਲਕਦਮੀ ਵਜੋਂ ਭਾਜਪਾ ਨੇ 3 ਕੇਂਦਰੀ ਮੰਤਰੀਆਂ ਨੂੰ ਪੰਜਾਬ ਭੇਜਿਆ , ਜਿਨ੍ਹਾਂ ਨੇ 3 ਦਿਨ ਇੱਥੇ ਬਤੀਤ ਕੀਤੇ। ਇਸ ਤੋਂ ਇਲਾਵਾ ਮੰਤਰੀਆਂ ਨੇ ਆਪਣੇ ਪਾਰਟੀ ਦੇ ਆਗੂਆਂ ਦੀ ਨਬਜ਼ ਪਛਾਣੀ ਸਗੋਂ ਪੰਜਾਬ ਦੀ ਸਿਆਸੀ ਸਥਿਤੀ ਦਾ ਵੀ ਜਾਇਜ਼ਾ ਲਿਆ। ਉਧਰ ਹੀ ਜੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਕਜੁੱਟ ਕਰਨ 'ਚ ਹੀ ਲੱਗੇ ਹੋਏ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸੱਤਾ ਦੀ ਕਮਾਨ ਨੂੰ ਮਜ਼ਬੂਤੀ ਨਾਲ ਸਾਂਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। 

ਜਾਣਕਾਰੀ ਮੁਤਾਬਕ ਭਾਜਪਾ 2024 'ਚ ਪੰਜਾਬ ਵਿੱਚ ਵੱਡੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀ ਹੈ, ਜਿਸ ਕਾਰਨ ਪਾਰਟੀ ਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਦੌਰੇ 'ਤੇ ਆਏ ਸੀ, ਜਿਸ ਤੋਂ ਇਨ੍ਹਾਂ ਤਿਆਰੀਆਂ ਬਾਰੇ ਕੁਝ ਸੰਕੇਤ ਮਿਲੇ ਸੀ । 

ਇਹ ਵੀ ਪੜ੍ਹੋ- ਸਿਮਰਨਜੀਤ ਮਾਨ ਨੇ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਸਿੰਨਹਾ ਨੂੰ ਜਨਤਕ ਤੌਰ ’ਤੇ ਪੁੱਛੇ ਸਵਾਲ

ਭਾਜਪਾ ਉਨ੍ਹਾਂ ਲੋਕ ਸਭਾ ਸੀਟਾਂ 'ਤੇ ਖ਼ੁਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ , ਜਿੱਥੇ ਪਾਰਟੀ ਨੇ ਗਠਜੋੜ ਦੌਰਾਨ ਚੋਣ ਨਹੀਂ ਲੜੀ ਸੀ। ਭਾਜਪਾ ,ਅਕਾਲੀ ਦਲ ਨਾਲ ਗਠਜੋੜ ਕਰਕੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਸਿਰਫ਼ 3 ਲੋਕ ਸਭਾ ਸੀਟਾਂ 'ਤੇ ਹੀ ਚੋਣ ਲੜੀ ਸੀ। ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਲ ਸੀ। ਇਸ ਤੋਂ ਬਾਅਦ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਵਿਚ ਹਿੱਸਾ ਲਿਆ ਸੀ , ਜਿਸ ਵਿੱਚ ਪਾਰਟੀ ਨੂੰ ਚੌਥਾ ਸਥਾਨ ਹਾਸਲ ਹੋਇਆ ਸੀ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ

ਪਾਰਟੀ ਵੱਲੋਂ ਤਿਆਰ ਕੀਤੀ ਰਣਨੀਤੀ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਅਰਜੁਨ ਰਾਮ ਮੇਘਵਾਲ ਅਤੇ ਕੇਂਦਰੀ ਰਾਜ ਮੰਤਰੀ ਨਿਰੰਜਨ ਜੋਤੀ ਨੇ 3 ਦਿਨ  ਪੰਜਾਬ 'ਚ ਬਤੀਤ ਕੀਤੇ ਹਨ। ਇਸ 3 ਦਿਨਾਂ ਦੌਰਾਨ ਕੇਂਦਰੀ ਮੰਤਰੀਆਂ ਨੇ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਵਰਕਰਾਂ ਦੀ ਹਾਲ ਵੀ ਜਾਣਿਆ। ਇਸ ਤੋਂ ਇਲਾਵਾ ਬਾਕੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਹਰ ਪਾਰਟੀ ਆਪਣੇ ਕਲੇਸ਼ ਤੋਂ ਗੁਜ਼ਰ ਰਹੀ ਹੈ। ਕਾਂਗਰਸ ਜਿੱਥੇ ਆਪਣੇ ਆਗੂਆਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਉਲਝੀ ਹੋਈ ਹੈ ਉਧਰ ਹੀ ਸੰਗਰੂਰ ਜ਼ਿਮਨੀ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਲਈ ਆਪਣੇ ਵਰਕਰਾਂ ਨੂੰ ਸਾਂਭ ਕੇ ਰੱਖਣ ਵੀ ਚੁਣੌਤੀ ਬਣਿਆ ਹੋਇਆ ਹੈ , ਕਿਉਂਕਿ 20 ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਤੋਂ ਧਰਮ ਨਿਰਪੱਖਤਾ ਦੀ ਸਿਆਸਤ ਕਰ ਰਿਹਾ ਅਕਾਲੀ ਦਲ ਹੁਣ ਪੰਥਕ ਸਿਆਸਤ ਵਿੱਚ ਵਾਪਸ ਆ ਗਿਆ ਹੈ। 

ਇਸ ਕਾਰਨ ਅਕਾਲੀ ਦਲ ਦੇ ਹਿੰਦੂ ਆਗੂਆਂ 'ਚ ਬੇਚੈਨੀ ਦਾ ਮਾਹੌਲ ਪਸਰਿਆ ਹੋਇਆ ਹੈ। ਸੰਗਰੂਰ ਜ਼ਿਮਨੀ ਚੋਣ 'ਚ ਮਿਲੀ ਹਾਰ ਤੋਂ ਬਾਅਦ ਪਾਰਟੀ ਅੰਦਰ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। 'ਆਪ' ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਸੱਤਾ ਨੂੰ ਮਜ਼ਬੂਤੀ ਨਾਲ ਸਾਂਭਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੀ ਵਾਰ ਸੱਤਾ 'ਚ ਆਉਣ ਕਾਰਨ ਆਮ ਆਦਮੀ ਪਾਰਟੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਵਿੱਚ ਕਾਨੂੰਨ ਵਿਵਸਥਾ ਨੂੰ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News