ਪੰਜਾਬ ਦੀ ਇਸ ਲੋਕ ਸਭਾ ਸੀਟ 'ਤੇ ਗੜਬੜਾ ਸਕਦੈ BJP ਦਾ ਗਣਿਤ, ਸਿਆਸੀ ਹਲਕੇ ਹੈਰਾਨ

Thursday, Sep 07, 2023 - 09:24 AM (IST)

ਜਲੰਧਰ (ਜ. ਬ.) : ਭਾਰਤੀ ਜਨਤਾ ਪਾਰਟੀ ਵਲੋਂ ਗੜ੍ਹਸ਼ੰਕਰ ਤੋਂ ਸੀਨੀਅਰ ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਏ ਜਾਣ ਮਗਰੋਂ ਭਾਜਪਾ ਦੇ ਨਾਲ-ਨਾਲ ਹੋਰ ਸਿਆਸੀ ਪਾਰਟੀਆਂ ਦੇ ਨੇਤਾ ਵੀ ਹੈਰਾਨ ਹਨ। ਅਸਲ ’ਚ ਨਿਮਿਸ਼ਾ ਮਹਿਤਾ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਂਦੇ ਸਮੇਂ ਭਾਜਪਾ ਦੀ ਸਟੇਟ ਹਾਈਕਮਾਨ ਨੇ ਨਾ ਤਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਅਤੇ ਨਾ ਹੀ ਕੋਈ ਅਪੀਲ ਜਾਂ ਦਲੀਲ ਸੁਣੀ ਗਈ। ਨਿਮਿਸ਼ਾ ਨੇ ਗੜ੍ਹਸ਼ੰਕਰ ਹਲਕੇ 'ਚ ਭਾਜਪਾ ਲਈ ਕੰਮ ਕੀਤਾ, ਜਿੱਥੇ ਪਾਰਟੀ ਦਾ ਕੋਈ ਆਧਾਰ ਨਹੀਂ ਸੀ ਅਤੇ ਪਾਰਟੀ ਨੇ ਇਹ ਸੀਟ ਅਕਾਲੀ ਦਲ ਨੂੰ ਸੌਂਪੀ ਹੋਈ ਸੀ। ਪੰਜਾਬ 'ਚ ਅਕਾਲੀ ਦਲ-ਭਾਜਪਾ ਗਠਜੋੜ 1997 ਦੀਆਂ ਚੋਣਾਂ 'ਚ ਸ਼ੁਰੂ ਹੋਇਆ ਸੀ। ਉਸ ਦੇ ਬਾਅਦ ਤੋਂ ਇਸ ਸੀਟ ’ਤੇ ਅਕਾਲੀ ਦਲ ਹੀ ਚੋਣ ਲੜਦਾ ਸੀ ਅਤੇ ਭਾਜਪਾ ਦੀ ਇੱਥੇ ਸਰਗਰਮੀ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਆ ਗਈ ਵੱਡੀ ਖ਼ਬਰ, ਪਹਿਲੀ ਵਾਰ ਮਿਲਿਆ ਇਹ ਮੌਕਾ

ਪਿਛਲੇ ਸਾਲ ਜਦੋਂ ਅਕਾਲੀ ਦਲ ਨੇ ਭਾਜਪਾ ਨਾਲੋਂ ਗਠਜੋੜ ਤੋੜਿਆ ਤਾਂ ਨਿਮਿਸ਼ਾ ਮਹਿਤਾ ਨੇ ਪਾਰਟੀ ਦਾ ਹਲਕੇ 'ਚ ਆਧਾਰ ਨਾ ਹੋਣ ਦੇ ਬਾਵਜੂਦ ਇਸ ਸੀਟ ’ਤੇ ਚੋਣ ਲੜੀ ਅਤੇ ਆਪਣੇ ਵਲੋਂ ਨਾ ਸਿਰਫ ਮੋਟੀ ਰਕਮ ਖ਼ਰਚ ਕੀਤੀ, ਸਗੋਂ ਖ਼ੁਦ ਵੀ ਚੋਣਾਂ 'ਚ ਜੁੱਟ ਗਈ ਅਤੇ ਆਪਣੀ ਮਿਹਨਤ ਦੇ ਦਮ ’ਤੇ ਭਾਜਪਾ ਦੀ ਸੀਟ ’ਤੇ 25 ਹਜ਼ਾਰ ਦੇ ਲਗਭਗ ਵੋਟਾਂ ਹਾਸਲ ਕਰਨ 'ਚ ਕਾਮਯਾਬ ਰਹੀ। ਗੜ੍ਹਸ਼ੰਕਰ ਦੀ ਸੀਟ ਉਨ੍ਹਾਂ ਵਿਧਾਨ ਸਭਾ ਸੀਟਾਂ ਵਿਚੋਂ ਇਕ ਸੀ, ਜਿੱਥੇ ਭਾਜਪਾ ਨੂੰ ਸਨਮਾਨਜਨਕ ਵੋਟ ਮਿਲਿਆ। ਪਰ ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਧੋਬੀਘਾਟ ਨੇੜੇ ਹੋਈ ਪਾਰਟੀ ਦੀ ਮੀਟਿੰਗ ਦੌਰਾਨ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਹੋਏ ਟਕਰਾਅ ਤੋਂ ਬਾਅਦ ਭਾਜਪਾ ਦੀ ਸਟੇਟ ਹਾਈਕਮਾਨ ਨੇ ਇਕ ਪਾਸੜ ਫ਼ੈਸਲਾ ਲੈਂਦੇ ਹੋਏ ਮਿਹਨਤੀ ਨੇਤਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਭਾਜਪਾ ਦੇ ਇਸ ਫ਼ੈਸਲੇ ਤੋਂ ਨਾ ਸਿਰਫ ਪਾਰਟੀ ਦੇ ਵਰਕਰ ਹੈਰਾਨ ਹਨ, ਸਗੋਂ ਹੋਰ ਪਾਰਟੀਆਂ ਦੇ ਉਨ੍ਹਾਂ ਨੇਤਾਵਾਂ ਨੂੰ ਵੀ ਗਲਤ ਸੁਨੇਹਾ ਗਿਆ ਹੈ, ਜੋ ਭਵਿੱਖ 'ਚ ਪੰਜਾਬ ’ਚ ਭਾਜਪਾ ਨੂੰ ਜੁਆਇਨ ਕਰਨ ਬਾਰੇ ਸੋਚ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੋਣ ਜਾ ਰਿਹਾ ਕਿਸਾਨ ਮੇਲਾ, ਮੁਫ਼ਤ 'ਚ ਵੰਡੇ ਜਾਣਗੇ ਟਰੈਕਟਰ ਤੇ ਹੋਰ ਇਨਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਜੇ. ਪੀ. ਨੱਡਾ ਹੋਰ ਪਾਰਟੀਆਂ ਦੇ ਮਿਹਨਤੀ ਨੇਤਾਵਾਂ ਨੂੰ ਭਾਜਪਾ ਦੇ ਨਾਲ ਜੋੜ ਕੇ ਪਾਰਟੀ ਦਾ ਪਰਿਵਾਰ ਵੱਡਾ ਕਰਨ ਲਈ ਜੀਅ-ਤੋੜ ਮਿਹਨਤ ਕਰ ਰਹੇ ਹਨ ਪਰ ਪੰਜਾਬ 'ਚ ਕਾਂਗਰਸ ’ਚੋਂ ਆਈ ਇਕ ਮਿਹਨਤੀ ਨੇਤਾ ਦੇ ਨਾਲ ਪੰਜਾਬ ਭਾਜਪਾ ਨੇ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਹੈ, ਉਸ ਨੂੰ ਵੇਖ ਕੇ ਹੋਰ ਪਾਰਟੀਆਂ ਦੇ ਨੇਤਾਵਾਂ 'ਚ ਵੀ ਭਾਜਪਾ ਪ੍ਰਤੀ ਠੀਕ ਸੁਨੇਹਾ ਨਹੀਂ ਗਿਆ। ਪੰਜਾਬ 'ਚ ਭਾਜਪਾ ਪਹਿਲਾਂ ਹੀ ਚੌਥੇ ਨੰਬਰ ਦੀ ਪਾਰਟੀ ਹੈ ਅਤੇ ਪਿੰਡਾਂ 'ਚ ਉਸ ਦਾ ਕੋਈ ਆਧਾਰ ਨਹੀਂ। ਅਜਿਹੀ ਸਥਿਤੀ ’ਚ ਚੰਗਾ ਰੁਤਬਾ ਰੱਖਣ ਵਾਲੀ ਨਿਮਿਸ਼ਾ ਮਹਿਤਾ ਖ਼ਿਲਾਫ਼ ਜਿਸ ਤਰੀਕੇ ਨਾਲ ਪਾਰਟੀ ਨੇ ਕਾਰਵਾਈ ਕੀਤੀ ਹੈ, ਉਸ ਤੋਂ ਆਮ ਜਨਤਾ 'ਚ ਵੀ ਪਾਰਟੀ ਪ੍ਰਤੀ ਚੰਗੀ ਧਾਰਨਾ ਨਹੀਂ ਬਣੇਗੀ। ਭਾਜਪਾ 'ਚ ਹੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਟਿਕਟ ਨੂੰ ਲੈ ਕੇ ਅੰਦਰਖ਼ਾਤੇ ਘਮਾਸਾਣ ਮਚਿਆ ਹੋਇਆ ਹੈ ਅਤੇ ਪਾਰਟੀ ਦੇ ਕਈ ਨੇਤਾ ਇਸ ਸੀਟ ਲਈ ਦਾਅਵੇਦਾਰੀ ਜਤਾਉਣ ਦੀ ਯੋਜਨਾ ਬਣਾ ਰਹੇ ਹਨ ਪਰ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅੰਦਰ ਆਉਣ ਵਾਲੇ ਗੜ੍ਹਸ਼ੰਕਰ ਹਲਕੇ ਤੋਂ ਮਜ਼ਬੂਤ ਆਧਾਰ ਵਾਲੀ ਨੇਤਾ ਨਿਮਿਸ਼ਾ ਮਹਿਤਾ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾਉਣ ਨਾਲ ਯਕੀਨੀ ਤੌਰ ’ਤੇ ਲੋਕ ਸਭਾ ਚੋਣਾਂ 'ਚ ਨੁਕਸਾਨ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News