ਕੈਪਟਨ ਸਰਕਾਰ ਖਿਲਾਫ ਭਾਜਪਾ ਜਲੰਧਰ ''ਚ ਕਰੇਗੀ 18 ਨੂੰ ਰੈਲੀ

Monday, Mar 05, 2018 - 11:26 AM (IST)

ਕੈਪਟਨ ਸਰਕਾਰ ਖਿਲਾਫ ਭਾਜਪਾ ਜਲੰਧਰ ''ਚ ਕਰੇਗੀ 18 ਨੂੰ ਰੈਲੀ

ਚੰਡੀਗੜ੍ਹ/ਜਲੰਧਰ(ਸ਼ਰਮਾ)— ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਖਿਲਾਫ ਭਾਜਪਾ 18 ਮਾਰਚ ਨੂੰ ਜਲੰਧਰ 'ਚ ਰੋਸ ਰੈਲੀ ਕਰੇਗੀ। ਇਹ ਐਲਾਨ ਭਾਜਪਾ ਦੇ ਸੂਬਾਈ ਪ੍ਰਧਾਨ ਨੇ ਐਤਵਾਰ ਪਾਰਟੀ ਦੇ ਸੂਬਾਈ ਦਫਤਰ 'ਚ ਭਾਜਪਾ ਪ੍ਰਦੇਸ਼ ਕਾਰਜਕਾਰਨੀ ਅਤੇ ਕੋਰ ਕਮੇਟੀ ਦੀਆਂ ਬੈਠਕਾਂ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।  
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕੀਤੇ ਝੂਠੇ ਵਾਅਦਿਆਂ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਖੋਲ੍ਹਣ ਲਈ ਪੰਜਾਬ ਭਾਜਪਾ ਕੈਪਟਨ ਸਰਕਾਰ ਦਾ ਇਕ ਸਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕਰੇਗੀ। ਭਾਜਪਾ ਪ੍ਰਧਾਨ ਨੇ ਭਾਜਪਾ ਯੁਵਾ ਮੋਰਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਜਲਿਆਂਵਾਲਾ ਬਾਗ ਵਿਚ ਸਮਾਗਮ ਕੀਤਾ ਜਾਵੇਗਾ ਅਤੇ ਭਾਜਪਾ ਦੇ ਐੱਸ. ਸੀ. ਮੋਰਚਾ ਵੱਲੋਂ 14 ਅਪ੍ਰੈਲ ਨੂੰ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸਮਰਸਤਾ ਦਿਨ ਮਨਾਇਆ ਜਾਵੇਗਾ। 
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਅਤੇ ਰਾਜਪੁਰਾ ਵਿਧਾਨ ਸਭਾ ਚੋਣ ਖੇਤਰ ਤੋਂ ਉਮੀਦਵਾਰ ਰਹੇ ਦੀਪਕ ਸੂਦ ਵੀ ਭਾਜਪਾ 'ਚ ਸ਼ਾਮਲ ਹੋਏ। ਭਾਜਪਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਜ਼ਾਦ ਫੌਜੀ ਐਲਾਨ ਕਰਨ ਦੇ ਬਿਆਨ ਨੂੰ ਠੀਕ ਠਹਿਰਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਸਰ ਹੀ ਆਪਣੀ ਇੰਟਰਵਿਊ ਦੌਰਾਨ ਜਾਂ ਫਿਰ ਪ੍ਰੈੱਸ ਬਿਆਨ ਰਾਹੀਂ ਆਪਣੀ ਹੀ ਹਾਈਕਮਾਂਡ ਪ੍ਰਤੀ ਬਣੀ ਨਾਰਾਜ਼ਗੀ ਨੂੰ ਸਾਫ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਜਿਹੀ ਕਾਰਵਾਈ, ਜਿਸ 'ਚ ਮੁੱਖ ਮੰਤਰੀ ਸਪੱਸ਼ਟ ਕਹਿੰਦੇ ਹਨ 'ਮੈਨੂੰ ਕੰਮ ਕਰਨਾ ਆਉਂਦਾ ਹੈ, ਕਿਸੇ ਦੇ ਦਖਲ ਦੀ ਜ਼ਰੂਰਤ ਨਹੀਂ', ਪ੍ਰਧਾਨ ਮੰਤਰੀ ਦੇ ਬਿਆਨ ਨੂੰ ਸਹੀ ਠਹਿਰਾਉਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾਈ ਸਰਕਾਰ ਅਤੇ ਕਾਂਗਰਸ ਹਾਈਕਮਾਨ ਵਿਚਕਾਰ ਏਕਤਾ ਦੀ ਘਾਟ ਦਾ ਸਪੱਸ਼ਟ ਸਬੂਤ ਇਹ ਵੀ ਹੈ ਕਿ ਮੁੱਖ ਮੰਤਰੀ ਵੱਲੋਂ 4 ਮਾਰਚ ਨੂੰ ਆਪਣੇ ਮੰਤਰੀ ਮੰਡਲ ਦੇ ਕੀਤੇ ਜਾਣ ਵਾਲੇ ਵਿਸਤਾਰ ਦੇ ਐਲਾਨ ਨੂੰ ਹਾਈਕਮਾਨ ਨੇ ਠੰਡੇ ਬਸਤੇ 'ਚ ਪਾ ਦਿੱਤਾ ਹੈ। 
ਹਾਲ ਹੀ 'ਚ ਹੋਈਆਂ ਸਥਾਨਕ ਸਰਕਾਰਾਂ ਦੇ ਚੋਣ ਨਤੀਜਿਆਂ ਸਬੰਧੀ ਗੱਲਬਾਤ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਚੋਣਾਂ 'ਚ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਹੈ ਅਤੇ ਧੱਕੇਸ਼ਾਹੀ ਦੇ ਸਹਾਰੇ ਇਹ ਚੋਣ ਜਿੱਤੀ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਠੀਕ ਢੰਗ ਨਾਲ ਹੁੰਦੀਆਂ ਤਾਂ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਯਕੀਨੀ ਸੀ।  
ਇਸ ਮੌਕੇ ਭਾਜਪਾ ਦੇ ਸੂਬਾਈ ਉੱਪ-ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਇਕਬਾਲ ਸਿੰਘ ਲਾਲਪੁਰਾ, ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ, ਵਿਜੈ ਪੁਰੀ, ਅਮਨਦੀਪ ਪੂਨੀਆ, ਮੀਡੀਆ ਸਕੱਤਰ ਦੀਵਾਨ ਅਮਿਤ ਅਰੋੜਾ, ਸਹਾਇਕ ਸਕੱਤਰ ਸੁਬੋਧ ਵਰਮਾ ਅਤੇ ਪ੍ਰਦੇਸ਼ ਖਜ਼ਾਨਚੀ ਗੁਰਦੇਵ ਦੇਬੀ ਮੌਜੂਦ ਸਨ।


Related News