ਭਾਜਪਾ ਦੇ 'ਦਲਿਤ ਇਨਸਾਫ਼ ਮਾਰਚ' ਦੌਰਾਨ ਹੰਗਾਮਾ, ਸਾਬਕਾ ਕੇਂਦਰੀ ਮੰਤਰੀ ਸਾਂਪਲਾ ਸਣੇ ਕਈ ਆਗੂ ਲਏ ਹਿਰਾਸਤ 'ਚ (ਵੀਡੀਓ)
Thursday, Oct 22, 2020 - 02:18 PM (IST)
ਜਲੰਧਰ (ਸੋਨੂੰ)— ਕੈਪਟਨ ਸਰਕਾਰ ਵੱਲੋਂ ਦਲਿਤਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ, ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਅਤੇ ਬੀਤੇ ਦਿਨੀਂ ਜਲਾਲਾਬਾਦ 'ਚ ਦਲਿਤ ਵਿਅਕਤੀ ਨੂੰ ਪਿਸ਼ਾਬ ਪਿਲਾਉਣ ਦੀ ਮੰਦਭਾਗੀ ਘਟਨਾ ਨਾਲ ਪੰਜਾਬ ਦੇ ਦਲਿਤ ਭਾਈਚਾਰੇ 'ਚ ਰੋਸ ਦੀ ਲਹਿਰ ਹੈ। ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਸੂਬਾ ਭਾਜਪਾ ਅਨੁਸੁਚਿਤ ਮੋਰਚੇ ਵੱਲੋਂ 'ਦਲਿਤ ਇਨਸਾਫ ਯਾਤਰਾ' ਅੱਜ ਜਲੰਧਰ ਤੋਂ ਕੱਢੀ ਜਾ ਰਹੀ ਹੈ, ਜੋਕਿ ਚੰਡੀਗੜ੍ਹ ਵਿਖੇ ਖ਼ਤਮ ਹੋਵੇਗੀ ਅਤੇ ਭਾਜਪਾ ਵੱਲੋਂ ਕੈਪਟਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਜਲੰਧਰ 'ਚ ਭਾਜਪਾ ਵੱਲੋਂ ਕੱਢੀ ਜਾ ਰਹੀ ਦਲਿਤ ਇਨਸਾਫ਼ ਯਾਤਰਾ ਦੌਰਾਨ ਚੰਡੀਗੜ੍ਹ ਵੱਲ ਕੂਚ ਕਰਨ ਵੇਲੇ ਭਾਜਪਾ ਵਰਕਰਾਂ ਅਤੇ ਪੁਲਸ ਵਿਚਾਲੇ ਧੱਕਾ-ਮੁੱਕੀ ਹੋ ਗਈ। ਉਥੇ ਹੀ ਪੁਲਸ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਣੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ ਸਮਤੇ ਹੋਰ ਕਈ ਆਗੂਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਪੁਲਸ ਵੱਲੋਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਸਰਕਿਟ ਹਾਊਸ 'ਚ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਭਾਜਪਾ ਵੱਲੋਂ ਯਾਤਰਾ ਕੱਢਣ ਦੀ ਪ੍ਰਸ਼ਾਸਨ ਤੋਂ ਕੋਈ ਵੀ ਇਜਾਜ਼ਤ ਨਹੀਂ ਲਈ ਗਈ ਹੈ। ਇਸ ਦੌਰਾਨ ਭਾਰੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।