ਸ਼ਵੇਤ ਮਲਿਕ ਦੀ ਅਗਵਾਈ ''ਚ ਗਵਰਨਰ ਨੂੰ ਮਿਲੇ ਭਾਜਪਾ ਆਗੂ

Friday, Apr 20, 2018 - 07:32 AM (IST)

ਸ਼ਵੇਤ ਮਲਿਕ ਦੀ ਅਗਵਾਈ ''ਚ ਗਵਰਨਰ ਨੂੰ ਮਿਲੇ ਭਾਜਪਾ ਆਗੂ

ਚੰਡੀਗੜ੍ਹ  (ਬਿਊਰੋ) - 13 ਅਪ੍ਰੈਲ ਸ਼ਾਮ ਤੋਂ ਲੈ ਕੇ ਹੁਣ ਤੱਕ ਫਗਵਾੜਾ 'ਚ ਜਾਂ ਫਿਰ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਹੋਈਆਂ ਹਿੰਸਕ ਘਟਨਾਵਾਂ ਕੋਈ ਆਮ ਹਿੰਸਾ ਦੀਆਂ ਘਟਨਾਵਾਂ ਨਹੀਂ, ਸਗੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਮਾਜ ਨੂੰ ਵੰਡਣ ਦੀ ਇਕ ਬਹੁਤ ਵੱਡੀ ਸਾਜ਼ਿਸ਼ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਰਾਜਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਦਾ, ਜੋ ਕਿ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਰਾਜਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਫਗਵਾੜਾ ਘਟਨਾ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕਰਨ ਦੀ ਮੰਗ ਕੀਤੀ ਹੈ। 
ਮਲਿਕ ਨੇ ਕਿਹਾ ਕਿ ਪੰਜਾਬ ਪੁਲਸ ਨੇ ਹਿੰਸਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਹੈ ਪਰ ਜਿਨ੍ਹਾਂ ਲੋਕਾਂ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ, ਸਾਜ਼ਿਸ਼ ਰਚ ਕੇ 2 ਵਰਗ ਵਿਸ਼ੇਸ਼ਾਂ ਵਿਚ ਮਨਮੁਟਾਅ ਖੜ੍ਹਾ ਕਰਕੇ ਹਿੰਸਾ ਅਤੇ ਅੱਗਜ਼ਨੀ ਕਰਵਾਈ, ਉਨ੍ਹਾਂ ਦੇ ਵਿਸ਼ੇ ਵਿਚ ਕੋਈ ਜਾਂਚ ਨਹੀਂ ਕਰ ਰਹੀ। ਅਸਲੀ ਦੋਸ਼ੀ ਤਾਂ ਉਹ ਹਨ, ਜੋ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਇਕ ਵੱਡੀ ਸਮਾਜਿਕ ਵੰਡ ਕਰਵਾ ਕੇ ਵੋਟਾਂ ਲੈਣਾ ਚਾਹੁੰਦੇ ਹਨ। ਪੰਜਾਬ ਭਾਜਪਾ ਦੇ ਵਫ਼ਦ ਨੇ ਗਵਰਨਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਿਰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਇਕ ਐੱਸ. ਆਈ. ਟੀ. (ਵਿਸ਼ੇਸ਼ ਜਾਂਚ ਟੀਮ) ਗਠਿਤ ਕਰਨ ਦਾ ਨਿਰਦੇਸ਼ ਦੇਣ। ਵਫ਼ਦ ਵਿਚ ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਤੇ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਸੰਗਠਨ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਕੇਵਲ ਕੁਮਾਰ, ਜੀਵਨ ਗੁਪਤਾ, ਸੂਬਾ ਸਕੱਤਰ ਵਿਨੀਤ ਜੋਸ਼ੀ ਤੇ ਸੁਭਾਸ਼ ਸ਼ਰਮਾ ਸ਼ਾਮਲ ਸਨ।


Related News