ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ ਵਾਲੇ ਭਾਜਪਾ ਆਗੂ ਦੇ ਘਰ ’ਤੇ ਹਮਲਾ
Saturday, Jan 09, 2021 - 06:24 PM (IST)
ਬਠਿੰਡਾ (ਜ.ਬ.): ਭਾਜਪਾ ਆਗੂ ਸੁਖਪਾਲ ਸਰਾਂ ਵਲੋਂ ਪ੍ਰਧਾਨ ਮੰਤਰੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ ਦੇ ਮਾਮਲੇ ’ਚ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਸਰਾਂ ਦੇ ਘਰ ’ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਦੀ ਪੁਲਸ ਨਾਲ ਵੀ ਝੜਪ ਹੋਈ।
ਇਹ ਵੀ ਪੜ੍ਹੋ: ਤਪਾ ਮੰਡੀ ’ਚ ਤੋਤਿਆਂ ਦੇ ਮਰਨ ਨਾਲ ਸਹਿਮੇ ਲੋਕ, ਬਰਡ ਫ਼ਲੂ ਦੀਆਂ ਖ਼ਬਰਾਂ ਨੇ ਵਧਾਈ ਚਿੰਤਾ
ਜਾਣਕਾਰੀ ਮੁਤਾਬਕ ਸੁਖਪਾਲ ਸਰਾਂ ਜਨਰਲ ਸਕੱਤਰ ਭਾਜਪਾ ਪੰਜਾਬ ਇਕ ਟੀ. ਵੀ. ਚੈਨਲ ’ਤੇ ਖੇਤੀ ਕਾਨੂੰਨਾਂ ਬਾਰੇ ਹੋਈ ਡਿਬੇਟ ’ਚ ਭਾਗ ਲੈ ਰਹੇ ਸਨ। ਇਸ ਮੌਕੇ ਸਰਾਂ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਖੇਤੀ ਕਾਨੂੰਨ ਜਾਰੀ ਕਰਕੇ ਪ੍ਰਧਾਨ ਮੰਤਰੀ ਨੇ ਜੁਅਰਤ ਭਰਿਆ ਕਾਰਨਾਮਾ ਕੀਤਾ ਹੈ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਔਂਰਗਜੇਬ ਨੂੰ ਜ਼ਫਰਨਾਮਾ ਲਿਖ ਕੇ ਕੀਤਾ ਸੀ। ਜਿਸ ’ਤੇ ਸਿੱਖ ਜਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਕੋਲ ਇਤਰਾਜ ਦਰਜ ਕਰਵਾਇਆ ਹੈ ਕਿ ਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰ ਕੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਹ ਵੀ ਪੜ੍ਹੋ: ਸੰਗਰੂਰ ਜੇਲ੍ਹ ਪ੍ਰਬੰਧਕਾਂ ਦਾ ਕਾਰਨਾਮਾ, ਪੈਸੇ ਦੇ ਲਾਲਚ 'ਚ ਕੈਦੀਆਂ ਨੂੰ ਕਰਾਉਂਦੇ ਸੀ 'ਐਸ਼'
ਦੂਜੇ ਪਾਸੇ ਦਲ ਖਾਲਸਾ ਦੇ ਆਗੂ ਦਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸਿੱਖ ਨੌਜਵਾਨਾਂ ਨੇ ਸਰਾਂ ਦੇ ਘਰ ਨੂੰ ਘੇਰਾ ਪਾ ਲਿਆ, ਜਿਥੇ ਪਹਿਲਾਂ ਹੀ ਪੁਲਸ ਪਾਰਟੀਆਂ ਪਹੁੰਚ ਚੁੱਕੀਆਂ ਸਨ। ਸਿੱਖ ਨੌਜਵਾਨਾਂ ਨੇ ਸਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਅਜਿਹਾ ਨਹੀਂ ਕਰਨ ਦਿੱਤਾ।ਇਸ ਦੌਰਾਨ ਉਕਤ ਦੀ ਪੁਲਸ ਨਾਲ ਵੀ ਤਿੱਖੀ ਝੜਪ ਹੋਈ।ਇਸ ਮੌਕੇ ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਅੰਮਿ੍ਰਸਤਰ) ਤੇ ਹੋਰ ਆਗੂ ਵੀ ਮੌਜੂਦ ਸਨ।ਦਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਉਕਤ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਸਰਾਂ ਦੇ ਘਰ ਦੇ ਬਾਹਰ ਪੱਕੇ ਤੰਬੂ ਗੱਡ ਦੇਣਗੇ।
ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਦੂਜੇ ਪਾਸੇ ਸਰਾਂ ਦਾ ਕਹਿਣਾ ਸੀ ਕਿ ਉਸ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਹੈ ਪਰ ਗੁਰੂ ਸਾਹਿਬ ਦੀ ਸ਼ਾਨ ’ਚ ਕੁਝ ਨਹੀ ਕਿਹਾ। ਉਸ ’ਤੇ ਲੱਗ ਰਹੇ ਦੋਸ਼ ਬਿਲਕੁਲ ਗਲਤ ਹਨ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਥੇਬੰਦੀਆਂ ਤੋਂ ਸੋਮਵਾਰ ਤਕ ਦਾ ਸਮਾਂ ਲਿਆ ਗਿਆ ਹੈ।