ਭਾਜਪਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਾਹਮਣੇ ਚੁੱਕੇ 10 ਸਵਾਲ,ਕਿਹਾ-ਲੋਕਾਂ ਸਾਹਮਣੇ ਦਿਓ ਜਵਾਬ
Tuesday, Mar 09, 2021 - 12:39 PM (IST)
ਚੰਡੀਗੜ੍ਹ (ਸ਼ਰਮਾ): ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੀ ਸ਼ਾਹੀ ਨੀਂਦ ਵਿਚੋਂ ਹੁਣ ਜਾਗੇ ਹਨ ਅਤੇ ਉਨ੍ਹਾਂ ਮੁੱਦਿਆਂ ਨੂੰ ਉਠਾ ਰਹੇ ਹਨ, ਜਿਨ੍ਹਾਂ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੁਝਾਵਾਂ ਨੂੰ ਖੇਤੀਬਾੜੀ ਬਿੱਲਾਂ ਵਿਚ ਲੋੜੀਂਦੀ ਸੋਧ ਕਰ ਕੇ ਜੋੜਨ ’ਤੇ ਸਹਿਮਤ ਹੋਣ ਦੇ ਬਾਵਜੂਦ, ਅਮਰਿੰਦਰ ਸਿੰਘ ਰਾਜਨੀਤਕ ਰੂਪ ਤੋਂ ਪ੍ਰੇਰਿਤ ਸਵਾਲ ਜਾਣਬੁੱਝ ਕੇ ਉਠਾ ਰਹੇ ਹਨ।
ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ
ਸ਼ਰਮਾ ਨੇ ਮੁੱਖ ਮੰਤਰੀ ਤੋਂ ਪੁੱਛੇ 10 ਸਵਾਲ
1. ਕਿਸਾਨ ਨੇਤਾ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ?
2. ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਕਰਜ਼ਾ ਮੁਆਫ ਕਿਉਂ ਨਹੀਂ ਕੀਤਾ?
3. ਜਦੋਂ ਹਰਿਆਣਾ ਵਿਚ ਖੱਟੜ ਸਰਕਾਰ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਚੱਕਰ ਤੋਂ ਦੂਰ ਕਰਨ ਲਈ 7000 ਰੁਪਏ ਪ੍ਰਤੀ ਏਕੜ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਰੋਂ, ਬਾਜਰਾ ਅਤੇ ਦਾਲਾਂ ਵਰਗੀਆਂ ਫਸਲਾਂ ਵੱਲ ਮੋੜ ਰਹੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਪੰਜਾਬ ਦੇ ਕਿਸਾਨਾਂ ਦੀ ਮੱਦਦ ਕਰ ਰਹੀ?
4. ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਲਾਟ ਫੂਡ-ਪਾਰਕ ਨੂੰ ਕੌਣ ਰੋਕ ਰਿਹਾ ਹੈ?
5. ਪੰਜਾਬ ਸਰਕਾਰ ਵਿਚ ਕੌਣ ਪ੍ਰਗਤੀਸ਼ੀਲ ਕਿਸਾਨਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਤੋਂ ਰੋਕ ਰਿਹਾ ਹੈ?
6 . ਤੁਹਾਡੀ ਸਰਕਾਰ ਨੇ ਕੋਲਡ ਚੇਨ, ਪ੍ਰੋਸੈਸਿੰਗ ਅਤੇ ਸਟੋਰੇਜ ਲਈ ਬੁਨਿਆਦੀ ਢਾਂਚਾ ਅਜੇ ਤੱਕ ਕਿਉਂ ਨਹੀਂ ਬਣਾਇਆ ਹੈ?
7 . ਕਿਉਂ ਅਤੇ ਕਿਵੇਂ ਪੰਜਾਬ ਦੇ ਗੋਦਾਮਾਂ ਅਤੇ ਸਾਈਲਾਂ ਵਿਚ ਇਕੱਠਾ ਜ਼ਿਆਦਾਤਰ ਅਨਾਜ ਸਿਰਫ਼ ਕੁੱਝ ਰਾਜਨੇਤਾਵਾਂ ਦੀ ਮਲਕੀਅਤ ਵਾਲੀਆਂ ਸ਼ਰਾਬ ਦੀਆਂ ਫੈਕਟਰੀਆਂ ਵਿਚ ਹੀ ਪੁੱਜਦਾ ਹੈ?
8 . ਕਿਸ ਨੇ ਪੰਜਾਬ ਦੀ ਵਿਗੜਦੀ ਹਵਾ, ਭੂ-ਜਲ, ਮਿੱਟੀ ਅਤੇ ਵਧਦੇ ਮਾਲੀਆ ਖਰਚਿਆਂ ਨੂੰ ਵੇਖਦਿਆਂ ਪੰਜਾਬ ਨੂੰ ਵਿਆਪਕ ਖੇਤੀਬਾੜੀ ਯੋਜਨਾ ਬਣਾਉਣ ਤੋਂ ਰੋਕਿਆ ਹੈ?
9 . ਕਿਸ ਨੇ ਪੰਜਾਬ ਨੂੰ ਰਾਜ ਸਰਕਾਰ ਦੀ ਖਰੀਦ ਪ੍ਰਣਾਲੀ ਤੋਂ ਇਲਾਵਾ ਬਦਲਵੇਂ ਮਾਰਕੀਟਿੰਗ ਤੰਤਰ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਤੋਂ ਰੋਕਿਆ ਅਤੇ ਕਿਸਾਨਾਂ ਨੂੰ ਅੰਦੋਲਨ ਲਈ ਉਕਸਾਇਆ?
10 . ਪੰਜਾਬ ਸਰਕਾਰ ਨੂੰ ਉਨ੍ਹਾਂ 3500 ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਕਿਸ ਨੇ ਰੋਕਿਆ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿਚ ਆਤਮ ਹੱਤਿਆ ਕਰ ਲਈ ਹੈ?
ਸ਼ਰਮਾ ਨੇ ਮੁੱਖ ਮੰਤਰੀ ਤੋਂ ਸਵਾਲਾਂ ਵਿਚ ਚੁੱਕੇ ਗਏ ਉਕਤ ਮੁੱਦਿਆਂ ’ਤੇ ਜਨਤਾ ਦੇ ਸਾਹਮਣੇ ਜਵਾਬ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ