ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਕੇ ਭਰਾਵਾਂ ਦੀ ਹਾਦਸੇ 'ਚ ਮੌਤ
Sunday, Mar 17, 2019 - 06:01 PM (IST)
ਮੋਗਾ (ਗੋਪੀ ਰਾਊਕੇ) : ਅੱਜ ਮੋਗਾ ਨੇੜਲੇ ਪਿੰਡ ਗਿੱਲ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਬੀਤੀ ਰਾਤ ਗਿੱਲ ਨਿਵਾਸੀ ਦੋ ਸਕੇ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮੋਗਾ-ਕੋਟਕਪੂਰਾ ਰੋਡ 'ਤੇ ਬਾਘਾਪੁਰਾਣਾ ਦੀ ਦਾਣਾ ਮੰਡੀ ਦੇ ਕੋਲ ਇਕ ਤੇਜ਼ ਰਫਤਾਰ ਇਕ ਅਣਪਛਾਤੇ ਵ੍ਹੀਕਲ ਦੀ ਲਪੇਟ ਵਿਚ ਆ ਕੇ ਪਿੰਡ ਗਿੱਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਬਾਘਾਪੁਰਾਣਾ ਦੇ ਹੌਲਦਾਰ ਅਮਰਜੀਤ ਸਿੰਘ ਵਲੋਂ ਮ੍ਰਿਤਕਾਂ ਦੇ ਭਰਾ ਮੰਗਲ ਸਿੰਘ ਪੁੱਤਰ ਨਗਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਬਲਵੀਰ ਸਿੰਘ (52) ਅਤੇ ਗੋਰਾ ਸਿੰਘ (54) ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ, ਬੀਤੇ ਸ਼ਨੀਵਾਰ ਆਪਣੀ ਭੈਣ ਕੋਲ ਜਨਮ ਦਿਨ ਦੀ ਪਾਰਟੀ ਵਿਚ ਹਿੱਸਾ ਲੈਣ ਗਏ ਸਨ ਜਦੋਂ ਦੋਵੇਂ ਭਰਾ ਆਪਣੇ ਮੋਟਰਸਾਈਕਲ 'ਤੇ ਪਿੰਡ ਵਾਪਸ ਆ ਰਹੇ ਸਨ ਤਾਂ ਬਾਘਾਪੁਰਾਣਾ ਦੀ ਦਾਣਾ ਮੰਡੀ ਦੇ ਕੋਲ ਤੇਜ਼ ਰਫਤਾਰ ਵ੍ਹੀਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਮੋਟਰ ਸਾਈਕਲ ਸਮੇਤ ਸੜਕ 'ਤੇ ਡਿੱਗ ਪਏ ਅਤੇ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ। ਹੌਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਅਣਪਛਾਤੇ ਵ੍ਹੀਕਲ ਅਤੇ ਚਾਲਕ ਦੀ ਤਲਾਸ਼ ਜਾਰੀ ਹੈ।