ਜਨਮ ਦਿਵਸ ''ਤੇ ਵਿਸ਼ੇਸ਼ : ਗ਼ਦਰ ਪਾਰਟੀ ਦੇ ਜਗਤ ਪ੍ਰਸਿੱਧ ਆਗੂ ਸਨ ਬਾਬਾ ਸੋਹਣ ਸਿੰਘ ਭਕਨਾ

Thursday, Jan 04, 2018 - 03:17 PM (IST)

ਜਨਮ ਦਿਵਸ ''ਤੇ ਵਿਸ਼ੇਸ਼ : ਗ਼ਦਰ ਪਾਰਟੀ ਦੇ ਜਗਤ ਪ੍ਰਸਿੱਧ ਆਗੂ ਸਨ ਬਾਬਾ ਸੋਹਣ ਸਿੰਘ ਭਕਨਾ

ਭਕਨਾ ਕਲਾਂ (ਜਸਬੀਰ)- ਭਾਰਤ ਮਾਤਾ ਦੇ ਪੈਰਾਂ 'ਚੋਂ ਗੁਲਾਮੀ ਦੀਆਂ ਜ਼ੰਜੀਰਾ ਉਤਾਰਨ ਲਈ ਕਈ ਯੋਧਿਆਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਅਣਖੀ ਯੋਧਿਆਂ 'ਚ ਇਕ ਹੋਏ ਹਨ ਬਾਬਾ ਸੋਹਣ ਸਿੰਘ ਜੀ ਭਕਨਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ਾਂ ਦੀ ਧਰਤੀ ਤੋਂ ਜੰਗ ਸ਼ੁਰੂ ਕੀਤੀ ਤੇ ਇਕ ਲੰਮੇ ਸੰਘਰਸ਼ ਦੌਰਾਨ ਸਾਨੂੰ ਮਾਂ ਦੀ ਗੋਦ ਵਰਗੀ ਨਿੱਘੀ ਆਜ਼ਾਦੀ ਲੈ ਕੇ ਦਿੱਤੀ।  ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਹੋਇਆ ਸੀ। ਬਾਬਾ ਜੀ ਪਿਤਾ ਕਰਮ ਸਿੰਘ ਤੇ ਮਾਤਾ ਰਾਮ ਕੌਰ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਪ੍ਰਾਇਮਰੀ ਵਿੱਦਿਆ ਪਿੰਡ ਦੇ ਸਕੂਲ ਤੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ। ਉੱਚ ਵਿੱਦਿਆ ਲੈਣ ਦੀ ਉਨ੍ਹਾਂ ਦੀ ਬਹੁਤ ਇੱਛਾ ਸੀ ਪਰ ਉਹ ਘਰੇਲੂ ਕਾਰਨਾਂ ਕਰ ਕੇ ਪੂਰੀ ਨਹੀਂ ਹੋ ਸਕੀ। ਇਹ ਪਛਤਾਵਾ ਉਨ੍ਹਾਂ ਨੂੰ ਸਾਰੀ ਉਮਰ ਰਿਹਾ। 'ਨਾਮਧਾਰੀ ਲਹਿਰ' ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਜਵਾਨੀ ਸ਼ੁਰੂ ਹੋਣ ਸਮੇਂ ਸੋਹਣ ਸਿੰਘ ਬੁਰੀ ਸੰਗਤ ਵਿਚ ਫਸ ਗਿਆ ਪਰ ਬਾਬਾ ਕੇਸਰ ਸਿੰਘ ਦੇ ਸੰਪਰਕ ਵਿਚ ਆਉਣ 'ਤੇ ਉਸ ਨੇ 1896 ਵਿਚ ਸਭ ਮਾੜੀਆਂ ਆਦਤਾਂ ਛੱਡ ਦਿੱਤੀਆਂ। 20ਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਬਹੁਤ ਸਾਰੇ ਭਾਰਤੀ ਰੋਜ਼ੀ-ਰੋਟੀ ਦੀ ਭਾਲ 'ਚ ਕੈਨੇਡਾ, ਅਮਰੀਕਾ 'ਚ ਪੁੱਜਣੇ ਸ਼ੁਰੂ ਹੋ ਗਏ। ਇਸ ਸਮੇਂ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਵੀ 4 ਅਪ੍ਰੈਲ 1909 ਨੂੰ ਅਮਰੀਕਾ ਪਹੁੰਚ ਗਿਆ। ਉਸ ਨੂੰ ਮੋਨਾਰਕ ਦੀ ਮਿੱਲ ਵਿਚ ਕੰਮ ਮਿਲ ਗਿਆ। 1912 ਵਿਚ ਪੋਰਟਲੈਂਡ ਵਿਖੇ ਹਿੰਦੂਆਂ ਨੇ 'ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂ ਦੀ ਜਥੇਬੰਦੀ ਬਣਾਈ ਅਤੇ ਸਰਬਸੰਮਤੀ ਨਾਲ ਸੋਹਣ ਸਿੰਘ ਭਕਨਾ ਇਸ ਦੇ ਪ੍ਰਧਾਨ ਬਣਾਏ ਗਏ। ਬਾਅਦ ਵਿਚ 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਹੋਂਦ ਵਿਚ ਆਉਣ 'ਤੇ ਇਸ ਦੇ ਪ੍ਰਧਾਨ ਬਣਾਏ ਗਏ।
ਪਹਿਲੀ ਨਵੰਬਰ 1913 ਨੂੰ ਗ਼ਦਰ ਨਾਂ ਦਾ ਅਖਬਾਰ ਉੁਰਦੂ ਵਿਚ ਛਪਣਾ ਸ਼ੁਰੂ ਹੋ ਗਿਆ। ਬਾਅਦ ਵਿਚ ਇਹ ਅਖਬਾਰ ਕਈ ਹੋਰ ਭਾਸ਼ਾਵਾਂ 'ਚ ਛਪਣ ਲੱਗ ਪਿਆ। ਗ਼ਦਰ ਅਖਬਾਰ ਦੇ 5 ਅਗਸਤ 1914 ਦੇ ਅੰਕ ਵਿਚ ਐਲਾਨ-ਏ-ਜੰਗ ਛਾਪ ਕੇ ਗ਼ਦਰੀਆਂ ਨੂੰ ਦੇਸ਼ ਪਰਤਣ ਲਈ ਅਪੀਲ ਕੀਤੀ ਗਈ। ਇਸ ਸਮੇਂ ਹੋਰਨਾਂ ਗ਼ਦਰੀਆਂ ਦੇ ਨਾਲ 13 ਅਗਸਤ 1914 ਨੂੰ ਨਾਮਸੰਗ ਜਹਾਜ਼ ਰਾਹੀਂ ਕਲਕੱਤੇ ਪਹੁੰਚ ਗਏ। ਇਥੇ ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਪੁੱਛ-ਪੜਤਾਲ ਲਈ ਇਕ ਹਫਤੇ ਲੁਧਿਆਣਾ ਰੱਖਿਆ ਗਿਆ। ਫਰਵਰੀ 1915 ਦੇ ਅੰਤ ਵਿਚ ਸੋਹਣ ਸਿੰਘ ਭਕਨਾ ਨੂੰ ਕੇਂਦਰੀ ਜੇਲ ਲਾਹੌਰ ਵਿਖੇ ਭੇਜ ਦਿੱਤਾ ਗਿਆ।  26 ਅਪ੍ਰੈਲ 1915 ਨੂੰ ਸੋਹਣ ਸਿੰਘ ਭਕਨਾ ਤੇ ਹੋਰ ਗ਼ਦਰੀਆਂ ਨੂੰ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ ਸੁਣਾਇਆ ਗਿਆ। ਬਾਬਾ ਜੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਪਰ ਬਾਅਦ ਵਿਚ ਵਾਇਸਰਾਏ ਦੇ ਹੁਕਮਾਂ 'ਤੇ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। 1921 'ਚ ਬਾਬਾ ਜੀ ਨੂੰ ਕਾਲੇ ਪਾਣੀ ਤੋਂ ਮਦਗਮ ਦੀ ਕੋਇੰਬਟੂਰ ਜੇਲ ਭੇਜ ਦਿੱਤਾ ਗਿਆ। ਇਥੋਂ ਉਨ੍ਹਾਂ ਨੂੰ ਯਰਵਾਦਾ ਜੇਲ ਭੇਜ ਦਿੱਤਾ ਗਿਆ। 1927 ਵਿਚ ਬਾਬਾ ਜੀ ਨੂੰ ਇਥੋਂ ਲਾਹੌਰ ਤਬਦੀਲ ਕਰ ਦਿੱਤਾ ਗਿਆ। 1930 ਵਿਚ ਸਰਕਾਰ ਨੇ ਉਨ੍ਹਾਂ ਨੂੰ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ।


Related News