ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਬਾਦਲ ਆਪਣੀਆਂ ਬੱਸਾਂ ਫ੍ਰੀ ਚਲਾਉਣ: ਬੀਰਦਵਿੰਦਰ
Friday, Nov 01, 2019 - 04:15 PM (IST)
            
            ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਜਿੱਥੇ ਆਮ ਲੋਕਾਂ 'ਚ ਖੁਸ਼ੀ ਹੈ, ਉਥੇ ਵੱਖ-ਵੱਖ ਰਾਜਨੀਤਕ ਆਗੂਆਂ ਵੱਲੋਂ ਕ੍ਰੈਡਿਟ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਭੁਲਾ ਕੇ ਰਾਜਨੀਤਕ ਆਗੂਆਂ ਵੱਲੋਂ ਦੱਬ ਕੇ ਰਾਜਨੀਤੀ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ। ਧਾਰਮਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਕਰਤਾਰਪੁਰ ਲਾਂਘੇ ਅਤੇ ਸੁਲਤਾਨਪੁਰ ਲੋਧੀ ਦੇ ਧਾਰਮਿਕ ਸਮਾਗਮਾਂ ਸਬੰਧੀ ਰਾਜਨੀਤੀ ਕੀਤੇ ਜਾਣ 'ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਬੜੀ ਬੇਬਾਕੀ ਨਾਲ ਗੱਲਬਾਤ ਕੀਤੀ। ਬੀਰਦਵਿੰਦਰ ਸਿੰਘ ਵੱਲੋਂ 'ਜਗ ਬਾਣੀ' ਦੇ ਪ੍ਰਤੀਨਿਧੀ ਰਣਦੀਪ ਸਿੰਘ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ ਇਸ ਤਰ੍ਹਾਂ ਹਨ:-
ਸ਼ਤਾਬਦੀਆਂ ਨੂੰ ਮਨਾਉਣਾ ਕਿੰਨਾ ਜ਼ਰੂਰੀ ਹੈ ਤੇ ਇਨ੍ਹਾਂ ਨੂੰ ਮਨਾਉਣ ਦਾ ਤਰੀਕਾ ਤੇ ਮਕਸਦ ਕੀ ਹੋਣਾ ਚਾਹੀਦਾ?
ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਅਤੇ ਹੁਣ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਏ ਜਾਣ 'ਚ ਬਹੁਤ ਅੰਤਰ ਹੈ। 500 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਖਾਵਾ ਤੇ ਆਡੰਬਰ ਬਹੁਤ ਘੱਟ ਸੀ ਪਰ 550 ਸਾਲਾ ਮੌਕੇ ਕੋਈ ਸਾਰਥਕ ਕਾਰਜ ਕਰਨ ਦੀ ਥਾਂ ਵਿਖਾਵਾ ਕੀਤਾ ਜਾ ਰਿਹਾ ਹੈ। ਮਿਸਾਲ ਵਜੋਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ, ਲਗਭਗ 20 ਕਾਲਜ ਤੇ ਕਈ ਸਕੂਲ ਖੁੱਲ੍ਹੇ, ਗੁਰੂ ਨਾਨਕ ਫਾਊਂਡੇਸ਼ਨ ਦੀ ਸਥਾਪਨਾ ਹੋਈ, ਕਿਤਾਬਾਂ ਛਪੀਆਂ, ਸਰਕਾਰ ਵੱਲੋਂ ਸਾਰੇ ਪੰਜਾਬ ਨੂੰ ਬਿਜਲੀ ਦਿੱਤੀ ਗਈ ਪਰ 550 ਸਾਲਾ ਪ੍ਰਕਾਸ਼ ਪੁਰਬ ਵੇਲੇ ਅਜਿਹਾ ਕੁਝ ਵੀ ਨਹੀਂ ਹੋਇਆ। ਇੱਥੋਂ ਤੱਕ ਕਿ ਅਸੀਂ 500 ਤੋਂ 550 ਤੱਕ ਪਿਛਲੇ 50 ਸਾਲਾਂ ਦੀ ਸਮੀਖਿਆ ਤੱਕ ਨਹੀਂ ਕੀਤੀ ਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਜਿਸ ਨੇ ਮੁੱਖ ਸਮਾਗਮ ਉਲੀਕਣੇ ਸੀ, ਉਹ ਵੀ ਖੁੰਝ ਗਈ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ 'ਚ ਅਸਫਲ ਰਹੀ।
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੋਈ ਹੈ, ਇਸ ਸਬੰਧ 'ਚ ਕੀ ਕਹੋਗੇ?
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਬਹੁਤ ਵੱਡੀ ਗੱਲ ਹੈ। ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ, ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਲਾਂਘਾ ਨਹੀਂ ਸੀ ਖੁੱਲ੍ਹ ਸਕਦਾ ਪਰ ਪਾਕਿਸਤਾਨ ਸਰਕਾਰ ਨੇ ਲਾਂਘਾ ਖੋਲ੍ਹਣ ਲਈ ਪਹਿਲ ਦੇ ਆਧਾਰ 'ਤੇ ਭੂਮਿਕਾ ਨਿਭਾਈ। ਉਹ ਕਈ ਥਾਈਂ ਸਾਡੇ ਨਾਲੋਂ ਅੱਗੇ ਲੰਘ ਗਏ, ਮਿਸਾਲ ਦੇ ਤੌਰ 'ਤੇ ਉਨ੍ਹਾਂ ਨੇ ਬਾਬਾ ਨਾਨਕ ਦੇ ਨਾਂ 'ਤੇ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਭਾਵੇਂ ਜਨਰਲ ਬਾਜਵਾ ਤੇ ਸਿੱਧੂ ਦੀ ਗਲਵੱਕੜੀ ਬਹੁਤ ਸਾਰੇ ਲੋਕਾਂ ਦੇ ਗਲੇ ਦੀ ਹੱਡੀ ਬਣ ਗਈ ਤੇ ਸਿੱਧੂ ਦਾ ਬਹੁਤ ਵਿਰੋਧ ਹੋਇਆ। ਵਿਰੋਧ ਕਰਨ ਵਾਲਿਆਂ ਨੇ ਬਿਨਾਂ ਸੋਚੇ-ਸਮਝੇ ਵਿਰੋਧ ਜਾਰੀ ਰੱਖਿਆ ਕਿਉਂਕਿ ਉਨ੍ਹਾਂ ਨੂੰ ਸਿੱਖਾਂ ਦੀ ਕਰਤਾਰਪੁਰ ਸਾਹਿਬ ਨਾਲ ਜੁੜੀ ਆਸਥਾ ਦੀ ਸਮਝ ਨਹੀਂ ਸੀ, ਲਾਂਘਾ ਖੁੱਲ੍ਹਣ ਦੀ ਉਮੀਦ ਤੇ ਰੀਝ ਦੇ ਪੂਰੇ ਹੋਣ ਦੀ ਖਬਰ ਆਉਣ 'ਤੇ ਸਭ ਨੂੰ ਰਲ-ਮਿਲ ਕੇ ਖੁਸ਼ੀ ਮਨਾਉਣੀ ਚਾਹੀਦੀ ਸੀ ਪਰ ਨਵਜੋਤ ਸਿੰਘ ਸਿੱਧੂ ਦੀ ਬੱਲੇ-ਬੱਲੇ ਹੋਣ ਦੇ ਡਰ ਤੋਂ ਅਕਾਲੀ ਦਲ ਸਮੇਤ ਵਿਰੋਧੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਹੁਣ ਉਹੀ ਲੋਕ ਲਾਂਘੇ ਦਾ ਕ੍ਰੈਡਿਟ ਲੈਣਾ ਚਾਹੁੰਦੇ ਨੇ ਜਿਨ੍ਹਾਂ ਨੇ ਪਹਿਲਾਂ ਵਿਰੋਧ ਕੀਤਾ ਸੀ। ਹੁਣ ਲਾਂਘਾ ਖੁੱਲ੍ਹਣ ਮੌਕੇ ਪਾਕਿਸਤਾਨ ਵੱਲੋਂ ਮੁੜ ਸਿੱਧੂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ, ਮੈਂ ਇਮਰਾਨ ਖਾਨ ਤੇ ਸਿੱਧੂ ਦੀ ਮਿੱਤਰਤਾ ਨੂੰ ਸਲਾਮ ਕਰਦਾ ਹਾਂ।
ਪਾਕਿਸਤਾਨ ਵੱਲੋਂ 20 ਡਾਲਰ ਫੀਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ?
ਅੱਜ ਕਈ ਲੀਡਰ ਪਾਕਿਸਤਾਨ ਵੱਲੋਂ ਲਾਈ ਫੀਸ 20 ਡਾਲਰ ਨੂੰ ਜਜ਼ੀਆ ਆਖ ਰਹੇ ਨੇ, ਕੋਈ ਮੁਲਕ ਦੱਸੋ ਜਿੱਥੇ ਜਾਣ 'ਤੇ ਤੁਹਾਨੂੰ ਫੀਸ ਨਾ ਦੇਣੀ ਪੈਂਦੀ ਹੋਵੇ। ਪੰਜਾਬ ਦੇ ਦੋ ਸਭ ਤੋਂ ਵੱਧ ਅਮੀਰ ਪਰਿਵਾਰ ਇਸ ਦਾ ਵਧੇਰੇ ਵਿਰੋਧ ਕਰ ਰਹੇ ਹਨ। ਮੈਂ ਆਖਦਾਂ ਹਾਂ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਪੈਸੇ ਅਤੇ ਟੋਲ ਪਲਾਜ਼ਾ 'ਤੇ ਲੱਗਦੇ ਖਰਚੇ ਬੰਦ ਕਰੋ, ਕਿਹੜੀ ਚੀਜ਼ ਹੈ ਜਿਹੜੀ ਮੁਫਤ ਹੁੰਦੀ ਹੈ। ਮੈਂ ਆਸ ਕਰਦਾਂ ਹਾਂ ਬੀਬੀ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਦਾ ਬਿਆਨ ਆਵੇ ਕਿ ਸਾਡੀਆਂ ਜਿੰਨੀਆਂ ਬੱਸਾਂ ਹਨ, ਉਹ 1 ਨਵੰਬਰ ਤੋਂ 12 ਨਵੰਬਰ ਤੱਕ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਫ੍ਰੀ ਚੱਲਣਗੀਆਂ ਤੇ ਸੰਗਤ ਤੋਂ ਕੋਈ ਟਿਕਟ ਨਹੀਂ ਲੈਣਗੇ। ਕਰਤਾਰਪੁਰ ਲਾਂਘੇ 'ਤੇ ਭਾਰਤ ਵੱਲੋਂ 300 ਫੁੱਟ ਦਾ ਝੰਡਾ ਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਝੰਡਾ ਲਾਏ ਜਾਣ ਦਾ ਫੈਸਲਾ ਠੀਕ ਨਹੀਂ ਹੈ। ਇਸ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਕਰਤਾਰਪੁਰ ਸਾਹਿਬ ਦੀ ਰੂਹਾਨੀਅਤ ਅਜ਼ਮਤ ਦੇਸ਼ ਦੇ ਹੁਕਮਰਾਨਾਂ ਨੂੰ ਸਮਝ ਨਹੀਂ ਆ ਰਹੀ, ਇਸ ਤਰ੍ਹਾਂ ਕਰਨ ਨਾਲ ਰੂਹਾਨੀਅਤ ਅਲੋਪ ਹੋ ਜਾਵੇਗੀ, ਇਹ ਗੁਰੂ ਨਾਨਕ ਦੇ ਫਲਸਫੇ ਦੇ ਉਲਟ ਜਾਪਦਾ ਹੈ ਕਿਉਂਕਿ ਮਨਾਂ ਦੀਆਂ ਸਰਹੱਦਾਂ ਮੇਟਣ ਲਈ ਤਾਂ ਲਾਂਘਾ ਖੁੱਲ੍ਹਣ ਜਾ ਰਿਹਾ ਸੀ।
ਪੰਥ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨਾਂ ਤੇ ਧਾਰਮਿਕ ਸਮਾਗਮਾਂ ਬਾਰੇ ਕੀ ਕਹੋਗੇ?
ਪੰਥ ਵੱਲੋਂ ਸਜਾਏ ਨਗਰ ਕੀਰਤਨਾਂ ਦੀ ਸਮੀਖਿਆ ਵੀ ਕਰਨੀ ਚਾਹੀਦੀ ਕਿ ਅਸੀਂ ਕੀ ਸੰਦੇਸ਼ ਲਿਆ। ਨਨਕਾਣਾ ਸਾਹਿਬ ਤੋਂ ਸਜਾਏ ਨਗਰ ਕੀਰਤਨ ਦੀ ਸੁਲਤਾਨਪੁਰ ਲੋਧੀ ਦੀ ਥਾਂ ਕਰਤਾਰਪੁਰ ਸਾਹਿਬ ਸਮਾਪਤੀ ਹੁੰਦੀ ਤਾਂ ਵਧੀਆ ਹੁੰਦਾ। ਪੰਜ ਤਖਤਾਂ ਦੇ ਜਥੇਦਾਰ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਕੇ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਸਾਰੇ ਸੰਸਾਰ ਨੂੰ ਦਿੰਦੇ। ਪੰਥ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਉਥੇ ਮਾਣ ਕੀਤਾ ਜਾਂਦਾ। ਸਾਰੇ ਵੱਡੇ ਲੀਡਰਾਂ ਨੂੰ ਸਿਰੋਪਾਓ ਦਿੱਤੇ ਜਾਣਗੇ ਪਰ ਕੀ ਅਕਾਲ ਤਖਤ ਸਾਹਿਬ ਤੋਂ ਸੱਦਾ ਦੇ ਕੇ ਇਮਰਾਨ ਖਾਨ ਦਾ ਧੰਨਵਾਦ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਸਿੱਖ ਕੌਮ ਨੂੰ 550 ਸਾਲਾ ਦਿਹਾੜੇ 'ਤੇ ਵੱਡਾ ਤੋਹਫਾ ਦਿੱਤਾ ਹੈ ।
