ਨਜ਼ਾਇਜ਼ ਸ਼ਰਾਬ ਦੇ ਮਾਮਲੇ ''ਚ ਨਾਮਜ਼ਦ ਅਕਾਲੀ ਆਗੂ ਹੋਣ ਗ੍ਰਿਫਤਾਰ : ਬੀਰ ਦਵਿੰਦਰ ਸਿੰਘ
Tuesday, Apr 09, 2019 - 03:43 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਦੇ ਥਾਣਾ ਸਦਰ ਵੱਲੋਂ ਅਕਾਲੀ ਦਲ ਦੇ 2 ਆਗੂਆਂ ਅਤੇ ਉਨ੍ਹਾਂ ਦੇ ਪਾਰਟਨਰ ਦੀ ਪ੍ਰੀਮਾਈਸਿਸ ਤੋਂ ਫੜੀਆਂ ਗਈਆਂ 805 ਪੇਟੀਆਂ ਨਜਾਇਜ਼ ਸ਼ਰਾਬ ਦੇ ਮਾਮਲੇ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਬੀਰ ਦਵਿੰਦਰ ਸਿੰਘ ਦੀ ਅਗਵਾਈ 'ਚ ਇਕ ਵਫਦ ਨੇ ਐੱਸ. ਐੱਸ. ਪੀ. ਨਵਾਂਸ਼ਹਿਰ ਅਲਕਾ ਮੀਨਾ ਨਾਲ ਮੁਲਾਕਾਤ ਕਰਕੇ ਮਾਮਲੇ 'ਚ ਦਰਜ ਅਕਾਲੀ ਆਗਆਂ ਅਤੇ ਉਨ੍ਹਾਂ ਦੇ ਪਾਰਟਨਰ ਨੂੰ ਤੁਰੰਤ ਪ੍ਰਭਾਵ ਨਾਲ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਬੀਰ ਦਵਿੰਦਰ ਸਿੰਘ ਨੇ ਐੱਸ. ਐੱਸ. ਪੀ. ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਭਾਰੀ ਮਾਤਰ 'ਚ ਫੜੀ ਗਈ ਸ਼ਰਾਬ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸ਼ਰਾਬ ਦੀ ਵੰਡ ਚੋਣਾਂ 'ਚ ਹੁੰਦੀ ਹੈ ਤਾਂ ਇਸ ਨਾਲ ਜਿੱਥੇ ਚੋਣਾ ਪਕਿਰਿਆ ਪ੍ਰਭਾਵਿਤ ਹੁੰਦੀ, ਉੱਥੇ ਹੀ ਲਾ-ਐਂਡ ਆਰਡਕ ਦੀ ਸਥਿਤੀ 'ਤੇ ਵੀ ਪ੍ਰਭਾਵ ਪੈਂਦਾ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ਰਾਬ ਜਿਨ੍ਹਾਂ ਲੋਕਾਂ ਦੀ ਪ੍ਰੀਮਾਈਸਿਸ ਤੋਂ ਫੜੀ ਗਈ ਹੈ ਉਹ ਹੀ ਲੋਕ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਦੀ ਜਲਦ ਗ੍ਰਿਫਤਾਰੀ ਕਰਕੇ ਉਨ੍ਹਾਂ ਨੂੰ ਇਨਟੈਰੋਗੇਟ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਸਚਾਈ ਸਭ ਦੇ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਚੋਣਾਂ ਲਈ ਲਿਆਉਂਦੀ ਗਈ ਹੈ ਅਤੇ ਕਿਸੇ ਵੱਡੇ ਸਿਆਸੀ ਆਗੂ ਦੀ ਹੈ ਤਾਂ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਵੇ ਉਸ ਦੇ ਖਿਲਾਫ 120ਬੀ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੋਹੁੰ ਖਾ ਕੇ ਇਕ ਮਹੀਨੇ 'ਚ ਪੰਜਾਬ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਹਰਿਆਣਾ ਤੋਂ ਚੱਲੀਆਂ 800 ਤੋਂ ਵੱਧ ਪੇਟੀਆਂ ਸ਼ਰਾਬ 250-300 ਕਿਲੋਮੀਟਰ ਦੂਰ ਰਾਹੋਂ ਵਿਖੇ ਕਿਵੇਂ ਪਹੁੰਚੀ, ਇਹ ਵੀ ਸਰਕਾਰ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ।
ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਿਸ ਸ਼ਰਾਬ ਫੈਕਟਰੀ ਤੋਂ ਉਪਰੋਕਤ ਸ਼ਰਾਬ ਇਥੇ ਆਈ ਹੈ, ਉਸ 'ਤੇ ਵੀ ਪੁਲਸ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ 2-3 ਦਿਨਾਂ 'ਚ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਹੋਈ ਤਾਂ ਜਿੱਥੇ ਉਹ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ। ਉੱਥੇ ਹੀ ਇਸ ਸੰਬੰਧੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਦਿੱਤੀ ਜਾਵੇਗੀ। ਇਸ ਮੌਕੇ 'ਤੇ ਜੱਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਸਾਬਕਾ ਐੱਸ. ਜੀ. ਪੀ. ਸੀ. ਮੈਂਬਰ, ਬਲਦੇਵ ਸਿੰਘ, ਦਰਬਾਰਾ ਸਿੰਘ ਪਰਿਹਾਰ, ਗੁਰਸ਼ਰਨਜੀਤ ਸਿੰਘ ਕਟਾਰੀਆ, ਮਲਕੀਤ ਸਿੰਘ ਸੈਣੀ, ਕੁਲਵੀਰ ਸਿੰਘ ਪਾਬਲਾ, ਕੁਲਵੀਰ ਸਿੰਘ ਚੱਠਾ, ਗੁਰਦੇਵ ਸਿੰਘ ਝਿੱਕਾ ਅਤੇ ਬਲਵੀਰ ਸਿੰਘ ਢਿੱਲੋਂ ਆਦਿ ਮੌਜੂਦ ਸਨ।