ਸਿਟ ਦੀ ਕਾਰਵਾਈ ਤੋਂ ਡਰੇ ਬਾਦਲ ਨਿਰਪੱਖ ਕਾਰਗੁਜ਼ਾਰੀ 'ਤੇ ਉਂਗਲ ਉਠਾ ਰਹੇ ਹਨ : ਬੀਰਦਵਿੰਦਰ ਸਿੰਘ
Sunday, Apr 07, 2019 - 04:34 PM (IST)
ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)— ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੇ ਮੈਂਬਰ ਬੀਰਦਵਿੰਦਰ ਸਿੰਘ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫਤੀਸ਼ ਕਰ ਰਹੇ ਪੁਲਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ ਕੀਤੀ ਕਥਿਤ ਸ਼ਿਕਾਇਤ ਦੇ ਮੱਦੇਨਜ਼ਰ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਹੈ ਕਿ ਬਾਦਲ ਆਪਣੇ ਪਾਪਾਂ ਨੂੰ ਛੁਪਾਉਣ ਅਤੇ ਨਿਰਪੱਖ ਜਾਂਚ ਤੋਂ ਡਰਦੇ ਸਿਟ ਦੀ ਕਾਰਗੁਜ਼ਾਰੀ 'ਤੇ ਉਂਗਲ ਉਠਾ ਰਹੇ ਹਨ। ਜੇਕਰ ਉਹ ਸੱਚੇ ਹਨ ਤਾਂ ਉਨ੍ਹਾਂ ਨੂੰ ਤਫਤੀਸ਼ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਬੀਰਦਵਿੰਦਰ ਸਿੰਘ ਨੇ ਬੀਤੇ ਦਿਨ ਪਿੰਡ ਡੂਮੇਵਾਲ 'ਚ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਉਹ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਐੱਮ. ਪੀ. ਕੋਟੇ 'ਚ ਮਿਲੇ ਫੰਡਾਂ ਦੀ ਕੀਤੀ ਦੁਰਵਰਤੋਂ ਦੀ ਜਾਂਚ ਕਰਵਾਉਣਗੇ। ਚੰਦੂਮਾਜਰਾ ਨੇ ਪਵਿੱਤਰ ਹਲਕੇ ਦੀਆਂ ਭਾਵਨਾਵਾਂ ਨਾਲ ਜੋ ਖਿਲਵਾੜ ਕੀਤਾ ਹੈ ਉਸ ਦਾ ਸਬਕ ਲੋਕ ਉਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ 'ਚ ਸਿਖਾਉਣਗੇ। ਬੀਤੇ ਇਕ ਦਹਾਕੇ ਤੋਂ ਬਾਦਲ ਪਰਿਵਾਰ ਨੇ ਪੰਜਾਬ ਦੀ ਜਨਤਾ ਨੂੰ ਖੂਬ ਲੁੱਟਿਆ ਹੈ ਅਤੇ ਟਰਾਂਸਪੋਰਟ, ਵਪਾਰਕ ਅਤੇ ਕੇਵਲ ਮਾਫੀਆ ਸਣੇ ਕੁਦਰਤੀ ਸਰੋਤਾਂ ਦੀ ਰੱਜ ਕੇ ਲੁੱਟ-ਖਸੁੱਟ ਕੀਤੀ ਹੈ। ਸਰਕਾਰਾਂ ਦੀ ਇਸ ਨਾਲਾਇਕੀ ਕਾਰਨ ਸੂਬੇ ਦੀ ਕਿਸਾਨੀ ਤਬਾਹੀ ਦੀ ਕਗਾਰ 'ਤੇ ਪੁੱਜ ਗਈ। ਉਨ੍ਹਾਂ ਖੇਤੀ ਅਤੇ ਕਿਸਾਨੀ ਦੀ ਵਰਤਮਾਨ ਦੁਰਦਸ਼ਾ ਲਈ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਬਰਾਬਰ ਦਾ ਦੋਸ਼ੀ ਠਹਿਰਾਇਆ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜਥੇ. ਉਜਾਗਰ ਸਿੰਘ ਬਡਾਲੀ, ਮਨਦੀਪ ਸਿੰਘ ਖਿਜਰਾਬਾਦ, ਸਰਪੰਚ ਭਾਗ ਸਿੰਘ, ਸੋਮ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ ਗਰਚਾ, ਸੁਰਿੰਦਰ ਸਿੰਘ, ਕੇਸਰ ਸਿੰਘ, ਦਲੇਰ ਸਿੰਘ, ਸੋਨੂੰ ਪੰਚ, ਸੋਹਣ ਸਿੰਘ ਅਤੇ ਮਨਜੀਤ ਸਿੰਘ ਛੋਕਰ ਆਦਿ ਮੌਜੂਦ ਸਨ।