ਮਜੀਠੀਆ ਦਾ ਰੰਧਾਵਾ ਨੂੰ ਠੋਕਵਾਂ ਜਵਾਬ, ਵੀਡੀਓ ਦੀ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ
Wednesday, Jan 01, 2020 - 03:18 PM (IST)

ਮਜੀਠਾ (ਸਰਬਜੀਤ, ਪ੍ਰਿਥੀਪਾਲ) : ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਫੋਕੇ ਦਾਅਵਿਆਂ ਦਾ ਠੋਕਵਾਂ ਜਵਾਬ ਦਿੰਦਿਆਂ ਉਸ ਨੂੰ ਹਾਲ ਹੀ 'ਚ ਵਾਇਰਲ ਹੋਈ ਵੀਡੀਓ ਪ੍ਰਤੀ ਕਿਸੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪ੍ਰਤੀ ਵਰਤੀ ਗਈ ਭਾਸ਼ਾ ਨਾਲ ਸੁੱਖੀ ਰੰਧਾਵਾ ਦੀ ਘਟੀਆ ਸੋਚ ਅਤੇ ਅਸਲੀ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਚੁੱਕਾ ਹੈ। ਉਸ ਨੂੰ ਜੇਲ ਦੀ ਹਵਾ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਨਿਰਾਦਰੀ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। ਸੁੱਖੀ ਰੰਧਾਵਾ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਉਕਤ ਵੀਡੀਓ 'ਚ ਉਸੇ ਦੀ ਸ਼ਕਲ ਅਤੇ ਆਵਾਜ਼ ਹੈ, ਭਾਵੇਂ ਕਿ ਸੁੱਖੀ ਰੰਧਾਵਾ ਵੀਡੀਓ 'ਪੁਰਾਣੀ' ਹੋਣ ਦੀ ਦੁਹਾਈ ਦੇ ਰਿਹਾ ਹੈ ਪਰ ਵੀਡੀਓ ਦੇ ਪੁਰਾਣੀ ਹੋਣ ਨਾਲ ਉਸ ਵੱਲੋਂ ਗੁਰੂ ਸਾਹਿਬ ਪ੍ਰਤੀ ਵਰਤੀ ਗਈ ਸ਼ਬਦਾਵਲੀ ਅਤੇ ਗੁਨਾਹ ਘੱਟ ਨਹੀਂ ਹੋਣ ਲੱਗਾ। ਉਨ੍ਹਾਂ ਦੋਸ਼ ਲਾਇਆ ਕਿ ਸੁੱਖੀ ਰੰਧਾਵਾ ਗੁਰਬਾਣੀ ਨੂੰ ਤਾਂ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ ਪਰ ਔਰੰਗਜ਼ੇਬ ਪ੍ਰਤੀ ਸਤਿਕਾਰ ਦਿਖਾਉਂਦਿਆਂ 'ਸਾਹਿਬ' ਕਹਿ ਕੇ ਸੰਬੋਧਨ ਕਰ ਰਿਹਾ ਹੈ।
ਕਾਂਗਰਸ ਸਰਕਾਰ ਨੂੰ ਲਿਆ ਆੜੇ ਹੱਥੀਂ ਲਿਆ
ਵਾਰ-ਵਾਰ ਬਿਜਲੀ ਮਹਿੰਗੀ ਕਰਨ ਲਈ ਕੈਪਟਨ ਸਰਕਾਰ ਵੱਲੋਂ ਪਿਛਲੀ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਵਾਲ 'ਤੇ ਸ. ਮਜੀਠੀਆ ਨੇ ਕਿਹਾ ਕਿ 3 ਸਾਲ ਬੀਤ ਚੁੱਕੇ ਹਨ, ਹੁਣ ਰਾਜ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀਆਂ ਨਾਕਾਮੀਆਂ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮਾਨਸਿਕਤਾ ਅਤੇ ਆਦਤ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਰੋਬਾਰੀ ਅਤੇ ਸਨਅਤਕਾਰ ਪੰਜਾਬ 'ਚੋਂ ਹਿਜਰਤ ਕਰ ਰਹੇ ਹਨ। ਉਨ੍ਹਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ 'ਤੇ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲਿਆ।
ਦੱਸਣਯੋਗ ਹੈ ਕਿ ਮਜੀਠੀਆ ਮਜੀਠਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਮਹਾਨ ਸ਼ਹੀਦੀ ਪੁਰਬ ਮੌਕੇ ਹਰ ਸਾਲ ਦੀ ਤਰ੍ਹਾਂ ਮੁਖ਼ਤਿਆਰ ਸਿੰਘ ਚਾਟੀ ਅਤੇ ਮਦਦ ਚੈਰੀਟੇਬਲ ਫਾਊਂਡੇਸ਼ਨ ਅੰਮ੍ਰਿਤਸਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗਰੀਬ ਪਰਿਵਾਰਾਂ ਦੇ ਦਰਜਨ ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਮੌਕੇ ਹਾਜ਼ਰੀ ਭਰਨ ਆਏ ਸਨ।