ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਹੋਣ ਦੇ ਫ਼ੈਸਲੇ 'ਤੇ ਮਜੀਠੀਆ ਦਾ ਵੱਡਾ ਬਿਆਨ
Thursday, Sep 21, 2023 - 06:19 PM (IST)
ਜਲੰਧਰ/ਅੰਮ੍ਰਿਤਸਰ (ਵੈੱਬ ਡੈਸਕ)- ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਕਰਨ ਦੇ ਫ਼ੈਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਕਰਨ ਦਾ ਫ਼ੈਸਲਾ ਕੈਨੇਡਾ ਵਿੱਚ ਵਸੇ ਲੱਖਾਂ ਪੰਜਾਬੀਆਂ ਲਈ ਇਕ ਵੱਡਾ ਝਟਕਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਹੀ ਜਾਣਦੇ ਹਨ ਕਿ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਪੰਜਾਬੀ ਬੱਚੇ ਅਤੇ ਪੰਜਾਬੀ ਪਰਿਵਾਰ ਕੈਨੇਡਾ ਵਿਚ ਸੈਟਲ ਹਨ। ਕਿਸੇ ਨਾ ਕਿਸੇ ਪਰਿਵਾਰ ਵਿਚ ਕੋਈ ਐਮਰਜੈਂਸੀ ਹੋ ਸਕਦੀ ਹੈ। ਕੋਈ ਭੋਗ ਜਾਂ ਕੋਈ ਵਿਆਹ ਸਮਾਗਮ ਲਈ ਆਪਣੇ ਪਰਿਵਾਰ ਕੋਲ ਇਥੇ ਆ ਰਿਹਾ ਹੈ। ਉਹ ਕਦੇ-ਕਦਾਈਂ ਸਮਾਜਿਕ ਮੌਕਿਆਂ 'ਤੇ ਭਾਰਤ ਖ਼ਾਸ ਕਰਕੇ ਪੰਜਾਬ ਦਾ ਦੌਰਾ ਕਰਦੇ ਹਨ ਤਾਂ ਜੋ ਦੁੱਖ਼ ਜਾਂ ਖ਼ੁਸ਼ੀ ਦੀ ਘੜੀ ਵਿੱਚ ਆਪਣੇ ਪਰਿਵਾਰਾਂ ਨੂੰ ਮਿਲ ਸਕਣ।
ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਕਈ ਲੋਕ ਇਲਾਜ ਕਰਵਾਉਣ ਲਈ ਦਿੱਲੀ, ਮਹਾਰਾਸ਼ਟਰ, ਕੇਰਲਾ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਆਉਂਦੇ ਹਨ, ਉਹ ਲੋਕ ਇਲਾਜ ਤੋਂ ਵੀ ਵਾਂਝੇ ਰਹਿ ਜਾਣਗੇ। ਕਈ ਤਰ੍ਹਾਂ ਦੀਆਂ ਐਮਰਜੈਂਸੀਆਂ ਹੁੰਦੀਆਂ ਹਨ। ਇਹ ਫ਼ੈਸਲਾ ਉਨ੍ਹਾਂ ਲਈ ਵਿੱਤੀ, ਭਾਵਨਾਤਮਕ ਅਤੇ ਸਮਾਜਿਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਇਸ ਮੁੱਦੇ ਨੂੰ ਬੜੀ ਮੈਚਿਊਰਿਟੀ ਦੇ ਨਾਲ ਸੁਲਝਾਉਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਆਪਣੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਕੁਝ ਵਿਅਕਤੀਆਂ ਦੇ ਕਾਰਨ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਇਸ ਸਕੂਲ 'ਚ ਭਲਕੇ ਛੁੱਟੀ ਦਾ ਐਲਾਨ, ਪ੍ਰੀਖਿਆ ਮੁਲਤਵੀ
ਜ਼ਿਕਰਯੋਗ ਹੈ ਕਿ ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਮੁੱਢਲੀ ਜਾਂਚ ਲਈ ਭਾਰਤ ਵੱਲੋਂ ਨਿਯੁਕਤ ਇਕ ਨਿੱਜੀ ਏਜੰਸੀ ਨੇ ਵੀਰਵਾਰ ਨੂੰ "ਸੰਚਾਲਨ ਕਾਰਨਾਂ" ਕਾਰਨ ਆਪਣੀ ਵੈਬਸਾਈਟ 'ਤੇ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਇਕ ਨੋਟਿਸ ਜਾਰੀ ਕੀਤਾ ਅਤੇ ਕੁਝ ਘੰਟਿਆਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਪਰ ਫਿਰ ਨੋਟਿਸ ਦੁਬਾਰਾ ਲਗਾ ਦਿੱਤਾ ਗਿਆ। ਏਜੰਸੀ 'ਬੀ. ਐੱਲ. ਐੱਸ. ਇੰਟਰਨੈਸ਼ਨਲ' ਨੇ ਸਟਾਕ ਐਕਸਚੇਂਜ ਨੂੰ ਇਹ ਵੀ ਸੂਚਿਤ ਕੀਤਾ ਕਿ ਉਸ ਨੇ ਕੈਨੇਡਾ ਵਿਚ ਭਾਰਤ ਲਈ ਵੀਜ਼ਾ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਕੰਪਨੀ ਦੀ ਵੈੱਬਸਾਈਟ ਦੇ ਕੈਨੇਡਾ ਪੇਜ 'ਤੇ ਜਾਰੀ ਨੋਟਿਸ 'ਚ ਲਿਖਿਆ ਗਿਆ ਹੈ, ''ਭਾਰਤੀ ਮਿਸ਼ਨ ਵੱਲੋਂ ਜ਼ਰੂਰੀ ਸੂਚਨਾ। ਕਾਰਜਸ਼ੀਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ ਨੂੰ 21 ਸਤੰਬਰ 2023 ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ BLS ਵੈੱਬਸਾਈਟ ਦੇ ਸੰਪਰਕ ਵਿੱਚ ਰਹੋ।' ਸੂਚੀਬੱਧ ਕੰਪਨੀ 'ਬੀ.ਐੱਲ.ਐੱਸ. ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ' ਨੇ ਸਟਾਕ ਐਕਸਚੇਂਜ ਨੂੰ ਇਹ ਵੀ ਦੱਸਿਆ ਕਿ ਇਸ ਕਦਮ ਨਾਲ ਉਸ ਦੇ ਵਿੱਤੀ ਮਾਮਲਿਆਂ 'ਤੇ ਮਾਮੂਲੀ ਅਸਰ ਪਵੇਗਾ ਕਿਉਂਕਿ "ਕੈਨੇਡੀਅਨ ਵੀਜ਼ਾ ਜਾਰੀ ਕਰਨ ਦੇ ਕਾਰੋਬਾਰ ਦਾ ਬੀ.ਐੱਲ.ਐੱਸ. ਇੰਟਰਨੈਸ਼ਨਲ ਦੇ ਕੁੱਲ ਸਾਲਾਨਾ ਮਾਲੀਏ 'ਤੇ 2 ਫ਼ੀਸਦੀ ਤੋਂ ਵੀ ਘੱਟ ਯੋਗਦਾਨ ਹੈ।"
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ
ਖ਼ਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਸੀ। ਭਾਰਤ ਨੇ ਮੰਗਲਵਾਰ ਨੂੰ ਦੋਸ਼ਾਂ ਨੂੰ "ਬੇਹੂਦਾ" ਅਤੇ "ਪ੍ਰੇਰਿਤ" ਦੱਸਦਿਆਂ ਰੱਦ ਕਰ ਦਿੱਤਾ ਅਤੇ ਕੈਨੇਡਾ ਵੱਲੋਂ ਇਸ ਮਾਮਲੇ 'ਤੇ ਇੱਕ ਭਾਰਤੀ ਅਧਿਕਾਰੀ ਨੂੰ ਕੱਢਣ ਦਾ ਬਦਲਾ ਲੈਂਦੇ ਹੋਏ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਸੀ। ਭਾਰਤ ਨੇ ਬੁੱਧਵਾਰ ਨੂੰ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਕੈਨੇਡਾ ਵਿੱਚ ਵਧਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ 'ਤੇ ਸਮਰਥਨ ਪ੍ਰਾਪਤ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਅਤੇ ਕੈਨੇਡਾ ਦੀ ਯਾਤਰਾ 'ਤੇ ਵਿਚਾਰ ਕਰਨ ਵਾਲਿਆਂ ਨੂੰ "ਬਹੁਤ ਸਾਵਧਾਨੀ" ਵਰਤਣ ਲਈ ਸੁਚੇਤ ਕਰਨ ਦੀ ਸਲਾਹ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀ ਕਥਿਤ ਇਤਾਰਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਸਾਹਮਣੇ ਆਇਆ ਪਤੀ, ਖੋਲ੍ਹੇ ਵੱਡੇ ਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ