ਵਿਧਾਇਕ ਕੋਟਲੀ ਦੀ ਮਾਤਾ ਦੇ ਦਿਹਾਂਤ 'ਤੇ ਮਜੀਠੀਆ ਵੱਲੋਂ ਦੁੱਖ ਦਾ ਪ੍ਰਗਟਾਵਾ

Wednesday, Sep 16, 2020 - 04:14 PM (IST)

ਵਿਧਾਇਕ ਕੋਟਲੀ ਦੀ ਮਾਤਾ ਦੇ ਦਿਹਾਂਤ 'ਤੇ ਮਜੀਠੀਆ ਵੱਲੋਂ ਦੁੱਖ ਦਾ ਪ੍ਰਗਟਾਵਾ

ਜਲੰਧਰ/ਖੰਨਾ— ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਸਤਿਕਾਰਯੋਗ ਮਾਤਾ ਸਰਦਾਰਨੀ ਦਵਿੰਦਰ ਕੌਰ ਦੇ ਦਿਹਾਂਤ 'ਤੇ ਅਕਾਲੀ ਦਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੰਨਾ ਹਲਕੇ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਮਾਤਾ ਜੀ ਦੇ ਦਿਹਾਂਤ ਦਾ ਸੁਣ ਕੇ ਮਨ ਬਹੁਤ ਦੁਖੀ ਹੋਇਆ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਅਤੇ ਸਮੂਹ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦੀ ਹਿੰਮਤ ਬਖਸ਼ਿਸ਼ ਕਰਨ।

PunjabKesari

ਦੱਸਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਦੀ ਸੁਪਤਨੀ ਅਤੇ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਸਤਿਕਾਰਯੋਗ ਮਾਤਾ ਸਰਦਾਰਨੀ ਦਵਿੰਦਰ ਕੌਰ ਦਾ ਅੱਜ ਦਿਹਾਂਤ ਹੋ ਗਿਆ। ਉਹ ਕਰੀਬ 71 ਵਰ੍ਹਿਆਂ ਦੇ ਸਨ। ਸਰਦਾਰਨੀ ਦਵਿੰਦਰ ਕੌਰ ਲੋਕ ਸਭਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਡੀ. ਐਸ. ਪੀ ਗੁਰਇਕਬਾਲ ਸਿੰਘ ਹਨੀ ਦੇ ਤਾਈ ਸਨ। ਦਵਿੰਦਰ ਕੌਰ ਜੋ ਕਿ ਪਿਛਲੇ ਦਿਨਾਂ ਤੋਂ ਬਿਮਾਰ ਸਨ, ਜਿਨ੍ਹਾਂ ਦਾ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਪਰ ਅੱਜ ਸਵੇਰੇ ਚੰਡੀਗੜ੍ਹ ਵਿਖੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ।

PunjabKesari

ਇਥੇ ਦੱਸ ਦੇਈਏ ਕਿ ਹਜ਼ੂਰੀ ਰਾਗੀ ਹਰਨਾਮ ਸਿੰਘ ਸ੍ਰੀ ਨਗਰ ਵਾਲਿਆਂ ਦੀ ਮੌਤ 'ਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਇਕ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁੱਖ ਦਾ ਪ੍ਰਗਟਾਵਾ ਕਰਦੇ ਉਨ੍ਹਾਂ ਕਿਹਾ ਕਿ ਗੁਰਬਾਣੀ ਕੀਰਤਨ ਨਾਲ ਸਮੂਹ ਸੰਗਤ ਨੂੰ ਨਿਹਾਲ ਕਰਨ ਵਾਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ। ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਸਦੀਵੀਂ ਨਿਵਾਸ ਪ੍ਰਦਾਨ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।


author

shivani attri

Content Editor

Related News