ਰੰਧਾਵਾ ਦੇ 'ਫੋਬੀਆ' ਵਾਲੇ ਬਿਆਨ 'ਤੇ ਮਜੀਠੀਆ ਦਾ ਪਲਟਵਾਰ
Monday, Jul 06, 2020 - 05:32 PM (IST)
ਚੰਡੀਗੜ੍ਹ— ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ 'ਰੰਧਾਵਾ ਫੋਬੀਆ' ਵਾਲੇ ਬਿਆਨ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ 'ਭੂਤਨੇ' ਜਿਹੇ ਦਾ ਵੀ ਕਿਸੇ ਨੂੰ ਫੋਬੀਆ ਹੋ ਸਕਦਾ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਆਦਤ ਤੋਂ ਮਜਬੂਰ ਹੋ ਗਏ ਹਨ। ਮਜੀਠੀਆ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਮੇਰੇ ਬਾਰੇ ਚਾਰ ਕਹਿ ਦਿੱਤਾ ਕਿ ਮਜੀਠੀਆ ਨੂੰ 'ਰੰਧਾਵਾ ਫੋਬੀਆ' ਹੋਇਆ ਹੈ। ਜੇਕਰ ਉਸ ਨੂੰ ਇਸ ਦੇ ਸਪੈਲਿੰਗ ਵੀ ਪੁੱਛ ਲਏ ਜਾਣ ਤਾਂ ਉਹ ਵੀ ਨਾ ਆਉਣ ਅਤੇ ਇਸ 'ਭੂਤਨੇ' ਜਿਹੇ ਦਾ ਵੀ 'ਫੋਬੀਆ' ਕਿਸੇ ਨੂੰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੰਦਾ ਕੋਈ ਸਿਆਣੀ ਗੱਲ ਕਰ ਲੈਂਦਾ ਹਾਂ।
ਇਥੇ ਦੱਸ ਦੇਈਏ ਕਿ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਦਾ ਬੀਮਾ ਕਰਵਾਉਣ ਲਈ ਇਕ ਕੰਪਨੀ ਨੂੰ ਤਰਜ਼ੀਹ ਦੇਣ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਮਜੀਠੀਆ ਨੂੰ 'ਰੰਧਾਵਾ ਫੋਬੀਆ' ਹੋ ਗਿਆ ਹੈ ਅਤੇ ਉਸ ਨੂੰ ਦਿਨ-ਰਾਤ ਮੇਰੇ ਸੁਪਨੇ ਆਉਂਦੇ ਹਨ। ਸਹਿਕਾਰਤਾ ਮੰਤਰੀ ਨੇ ਤੱਥਾਂ ਸਣੇ ਸਾਰੇ ਦੋਸ਼ਾਂ ਦਾ ਜਵਾਬ ਦਿੰਦੇ ਸਾਰੇ ਅੰਕੜੇ ਪੇਸ਼ ਕਰਦੇ ਦੱਸਿਆ ਸੀ ਇਕ ਹੀ ਕੰਪਨੀ ਵੱਲੋਂ ਟੈਂਡਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ 4 ਕੰਪਨੀਆਂ ਨੇ ਬੋਲੀ 'ਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਸੀ ਕਿ ਸੀ. ਵੀ. ਸੀ. ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਹੰਗਾਮੀ ਹਾਲਤਾਂ 'ਚ ਵਾਜਬ ਅਥਾਰਿਟੀ ਦੀ ਪ੍ਰਵਾਨਗੀ ਨਾਲ ਇਕਹਿਰੀ ਬੋਲੀ ਲੱਗ ਸਕਦੀ ਹੈ ਪਰ ਫਿਰ ਵੀ ਉਨ੍ਹਾਂ ਦੇ ਮਹਿਕਮੇ ਵੱਲੋਂ ਇਕਹਿਰੀ ਬੋਲੀ ਨੂੰ ਪਹਿਲ ਨਹੀਂ ਦਿੱਤੀ ਗਈ।
ਕੋਰੋਨਾ ਕਾਲ 'ਚ ਵੀ ਕਾਂਗਰਸ ਦੇ ਵਜ਼ੀਰ ਕਰ ਰਹੇ ਨੇ ਲੁੱਟ-ਖਸੁੱਟ
ਪੰਜਾਬ 'ਚ ਵਧ ਰਹੀ ਕੋਰੋਨਾ ਦਾ ਮਾਮਲਿਆਂ 'ਤੇ ਬੋਲਦੇ ਹੋਏ ਕਿਹਾ ਕਿ ਕੋਰੋਨਾ ਦੇ ਮਰੀਜ਼ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਕੋਵਿਡ ਦੀ ਲੜਾਈ 'ਚ ਕਈ ਪਰਿਵਾਰਾਂ ਦੇ ਮੈਂਬਰ ਕੋਵਿਡ ਦੀ ਭੇਟ ਚੜ੍ਹ ਗਏ ਹਨ ਪਰ ਇਸ ਸਮੇਂ 'ਚ ਲੋਕਾਂ ਨਾਲ ਹਮਦਰਦੀ ਕਰਨ ਦੀ ਬਜਾਏ ਸਰਕਾਰ 'ਚ ਖਜਾਨੇ ਦੀ ਲੁੱਟਮਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਟਰੈਂਡ ਬਣ ਗਿਆ ਹੈ ਕਿ ਸ਼ਾਇਦ ਕਾਂਗਰਸ ਦੇ ਵਜ਼ੀਰ ਅਤੇ ਲੀਡਰ ਸਮਝਦੇ ਹਨ ਕਿ ਇਹ ਲੋਕਾਂ ਨੂੰ ਲੁੱਟਣ ਦਾ ਬਹੁਤ ਹੀ ਵਧੀਆ ਸਮਾਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ ਦੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਖਜਾਨੇ ਦੀ ਆਮਦਨ ਘਟੀ ਹੋਵੇ ਤਾਂ ਖਜਾਨੇ ਦੀ ਲੁੱਟ ਕਰਕੇ ਆਪਣਾ ਫਾਇਦਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਸ਼ਰੇਆਮ ਸੀ. ਵੀ ਸੀ. ਗਾਈਡਾਲਾਈਨਜ਼ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜੇਕਰ ਕੋਈ ਸੀ. ਵੀ. ਸੀ. ਦੀਆਂ ਧੱਜੀਆਂ ਉਡਾਉਂਦਾ ਹੈ, ਕ੍ਰਿਮੀਨਲ ਕੇਸ ਬਣਦਾ ਹੈ, ਜੋ ਕਿ ਦਰਜ ਹੋਣਾ ਚਾਹੀਦਾ ਹੈ। ਭੱਤੇ ਮੁਲਾਜ਼ਮਾਂ ਦੇ ਇਹ ਨਹੀਂ ਦੇ ਰਹੇ ਹਨ ਪਰ ਕੋਰੋਨਾ ਕਾਲ 'ਚ ਵੀ ਲੁੱਟ-ਖਸੁੱਟ ਪੂਰੀ ਕਰ ਰਹੇ ਹਨ। ਮੁੱਖ ਮੰਤਰੀ ਦੀ ਡਿਊਟੀ ਬਣਦੀ ਹੈ ਕਿ ਉਹ ਕਾਰਵਾਈ ਕਰਨ। ਜਿਹੜਾ ਰਾਸ਼ਨ ਦਿੱਤਾ ਜਾਣਾ ਸੀ ਉਹ ਵੀ ਗਰੀਬਾਂ ਨੂੰ ਪੂਰਾ ਨਹੀਂ ਦਿੱਤਾ ਗਿਆ। ਬੀਮਾ ਲਈ ਟੈਂਡਰ ਦੇਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਦਾ ਪੈਮਾਨਾ ਈ-ਟੈਂਡਰਿੰਗ ਹੈ, ਜਿਸ ਦੀਆਂ ਧੱਜੀਆਂ ਉਡਾ ਕੇ ਇਸ ਨੂੰ ਈ-ਮੇਲਿੰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਈ-ਟੈਂਡਰ 'ਚ ਵੀ ਅਪਲਾਈ ਕਰਨ ਦੀ ਲੋੜ ਨਹੀਂ ਅਤੇ ਸਿਰਫ ਈ-ਮੇਲ ਪਾਓ ਅਤੇ ਬਾਕੀਆਂ ਦੇ ਰੇਟ ਰੰਧਾਵਾ ਵੇਖ ਲਵਾਂਗਾ।
ਉਨ੍ਹਾਂ ਕਿਹਾ ਕਿ ਐੱਲ. ਆਈ. ਸੀ. ਦਾ ਕੰਪੈਰੀਜ਼ਨ ਗੋ ਡਿਜ਼ੀਟ ਕੰਪਨੀ ਨਾਲ ਕਰ ਦਿੱਤਾ ਗਿਆ। ਕੀ ਅਜਿਹਾ ਕੋਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਕਹਿੰਦਾ ਹੈ ਕਿ ਕੋਰੋਨਾ ਦੇ ਐਮਰਜੈਂਸੀ ਹਾਲਾਤ 'ਚ ਪੂਰੇ ਪਰਿਵਾਰ ਦਾ ਬੀਮਾ ਕੀਤਾ ਜਾਵੇਗਾ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਆਪਣੇ ਪਰਿਵਾਰ ਦਾ ਬੀਮਾ ਕਰਵਾ ਰਿਹਾ ਹੈ ਜਾਂ ਮੁਲਾਜ਼ਮਾਂ ਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਹ ਵੀ ਕਹਿ ਦਿੱਤਾ ਗਿਆ ਕਿ ਕਿਸੇ ਦੀ ਵੀ ਕੋਰੋਨਾ ਨਾਲ ਮੌਤ ਹੁੰਦੀ ਹੈ ਤਾਂ 50 ਲੱਖ ਰੁਪਏ ਦਿੱਤਾ ਜਾਵੇਗਾ। ਇਹ ਵੀ ਕਹਿ ਦਿੱਤਾ ਕਿ ਕੇਂਦਰ ਦੀ ਸਕੀਮ ਤਿੰਨ ਮਹੀਨੇ ਦੀ ਸੀ। ਹਰ ਸਕੀਮ ਸਟੇਟ ਸਰਕਾਰ ਅਤੇ ਸੈਂਟਰ ਸਰਕਰਾਰ ਨੇ ਤਿੰਨ ਮਹੀਨਿਆਂ ਲਈ ਜਾਰੀ ਕੀਤੀ ਸੀ ਪਰ ਬਾਅਦ 'ਚ ਅਗਲੇ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਗਈ।
ਫੀਸਾਂ ਦੇ ਮਾਮਲੇ 'ਚ ਵੀ ਘੇਰੀ ਕੈਪਟਨ ਸਰਕਾਰ, ਕਿਹਾ-ਅਕਾਲੀ ਦੇਣਗੇ ਧਰਨੇ
ਫੀਸਾਂ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਂਦ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਸਕੂਲਾਂ ਨਾਲ ਮਿਲੀਭੁਗਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੱਲ੍ਹ ਸੂਬੇ 'ਚ ਭਰ 'ਚ ਇਸੇ ਮੁੱਦੇ 'ਤੇ ਧਰਨੇ ਦਿੱਤੇ ਜਾਣਗੇ। ਮਾਪੇ ਫੀਸ ਦੇਣ ਦੀ ਸਥਿਤੀ 'ਚ ਨਹੀਂ ਹਨ। ਉਨ੍ਹਾਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਿੰਗਲਾ ਸਾਬ੍ਹ ਅਤੇ ਏ. ਜੀ. ਦਾ ਦਫ਼ਤਰ ਫਿਕਸ ਮੈਚ ਖੇਡ ਰਹੇ ਹਨ।