ਕਤਲ ਹੋਏ ਅਕਾਲੀ ਆਗੂ ਦੇ ਘਰ ਪੁੱਜੇ ਮਜੀਠੀਆ, ਸਾਂਝਾ ਕੀਤਾ ਦੁੱਖ
Thursday, Mar 28, 2019 - 03:59 PM (IST)

ਖੰਨਾ (ਬਿਪਨ) : ਯੂਥ ਅਕਾਲੀ ਦਲ ਦੇ ਨੇਤਾ ਗੁਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਸ ਦੇ ਘਰ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮਜੀਠੀਆ ਨੇ ਗੁਰਪ੍ਰੀਤ ਦੇ ਕਤਲ ਨੂੰ ਸਿਆਸੀ ਕਤਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਨਾਲ ਖੜ੍ਹੇ ਹਨ ਅਤੇ ਜੇਕਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਦਾ ਬੀਤੀ 24 ਤਰੀਕ ਨੂੰ ਸਿਆਸੀ ਰੰਜਿਸ਼ ਦੇ ਚੱਲਦਿਆਂ ਪਿੰਡ ਦੇ ਹੀ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇਸ ਦੌਰਾਨ ਮ੍ਰਿਤਕ ਦੇ ਭਰਾ ਅਤੇ ਬੇਸੁਧ ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸੀ ਵਿਧਾਇਕ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨਗੇ। ਇਸ ਮੌਕੇ ਮਜੀਠੀਆ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।