ਕਾਂਗਰਸ ਨੇ ਮਜੀਠੀਆ ਖਿਲਾਫ਼ ਖੋਲ੍ਹਿਆ ਮੋਰਚਾ
Tuesday, Nov 26, 2019 - 01:41 AM (IST)
![ਕਾਂਗਰਸ ਨੇ ਮਜੀਠੀਆ ਖਿਲਾਫ਼ ਖੋਲ੍ਹਿਆ ਮੋਰਚਾ](https://static.jagbani.com/multimedia/2019_11image_01_39_201225108congres.jpg)
ਚੰਡੀਗੜ੍ਹ,(ਭੁੱਲਰ) : ਅਕਾਲੀ ਦਲ ਦੇ ਆਗੂ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰ੍ਹਾ ਖਾਰਜ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਮੋਰਚਾ ਖੋਲ੍ਹਦਿਆਂ ਉਸ 'ਤੇ ਤਿੱਖੇ ਹਮਲੇ ਕੀਤੇ ਹਨ। ਅੱਜ ਇਥੇ ਪ੍ਰਦੇਸ਼ ਕਾਂਗਰਸ ਵਲੋਂ ਰੰਧਾਵਾ ਦੀ ਮੌਜੂਦਗੀ 'ਚ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਮਜੀਠੀਆ ਨੂੰ ਪੰਜਾਬ 'ਚ ਗੈਂਗਸਟਰ ਅਤੇ ਡਰੱਗ ਕਾਰੋਬਾਰ ਦਾ ਪਿਤਾਮਾ ਕਰਾਰ ਦਿੰਦਿਆਂ ਉਸ ਨੂੰ ਕਤਲ ਦੇ ਮਾਮਲੇ 'ਤੇ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੀਸ਼ੇ ਦੇ ਘਰਾਂ 'ਚ ਰਹਿਣ ਵਾਲਿਆਂ ਨੂੰ ਦੂਜਿਆਂ 'ਤੇ ਪੱਥਰ ਨਹੀਂ ਸੁੱਟਣੇ ਚਾਹੀਦੇ ਅਤੇ ਜਿਨ੍ਹਾਂ ਨੇ ਖੁਦ ਰਾਜ 'ਚ ਗੈਂਗਸਟਰ ਪੈਦਾ ਕੀਤੇ, ਉਹ ਹੁਣ ਦੂਜਿਆਂ 'ਤੇ ਇਲਜ਼ਾਮ ਲਾ ਰਹੇ ਹਨ। ਜਿਸ ਦਾ ਅਸਲ ਮਕਸਦ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਾਸੇ ਕਰ ਕੇ ਆਪਣੀ ਹੋਂਦ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗਸਟਰ ਉਸ ਨੇ (ਮਜੀਠੀਆ) ਹੀ ਪੈਦਾ ਕੀਤੇ ਹਨ। ਉਨ੍ਹਾਂ ਇਸ ਮੌਕੇ ਮਜੀਠੀਆ ਦੀਆਂ ਗੈਂਗਸਟਰਾਂ ਨਾਲ ਮੌਜੂਦਗੀ ਦੀਆਂ ਕਈ ਤਸਵੀਰਾਂ ਵੀ ਮੀਡੀਆ ਨੂੰ ਦਿਖਾਈਆਂ। ਪ੍ਰੈੱਸ ਕਾਨਫਰੰਸ 'ਚ ਜਾਖੜ ਤੇ ਰੰਧਾਵਾ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਨਾਗਰਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਵੀ ਮੌਜੂਦ ਸਨ।
ਰੰਧਾਵਾ ਨੇ ਮਜੀਠੀਆ ਖਿਲਾਫ਼ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਮੇਰੇ ਸਬੰਧਾਂ ਦੇ ਉਹ ਦੋਸ਼ ਲਾ ਰਹੇ ਹਨ, ਉਸ 'ਤੇ 44 ਕੇਸ ਦਰਜ ਹਨ, ਜਿਨ੍ਹਾਂ ਵਿਚੋਂ 29 ਕੇਸ ਇਕੱਲੇ ਮਜੀਠੀਆ ਦੇ ਹਲਕੇ ਨਾਲ ਸਬੰਧਤ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਬਾਰੇ ਆਪਣੇ ਸਮੇਂ ਮਜੀਠੀਆ ਨੇ ਉਸ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਵਾਈ। ਰੰਧਾਵਾ ਨੇ ਮਜੀਠੀਆ ਦੀਆਂ ਗੈਂਗਸਟਰ ਪਰਮਜੀਤ ਪੰਮਾ, ਗੋਲੀ ਗੋਪੀ, ਦਿਲਬਾਗ ਲੰਮਾ ਪੱਟੀ ਵਾਲਾ ਆਦਿ ਨਾਲ ਫੋਟੋਆਂ ਦਿਖਾਈਆਂ। ਰੰਧਾਵਾ ਨੇ ਡਰੱਗ ਸਮੱਗਲਰ ਭੋਲਾ ਦੇ ਮਾਮਲੇ 'ਚ 6 ਹਜ਼ਾਰ ਕਰੋੜ ਰੁਪਏ ਦੀ ਰਿਕਵਰੀ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਪੈਸਾ ਕਿਥੇ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਇਹ ਪੈਸਾ ਵੀ ਸੁਖਬੀਰ ਤੇ ਮਜੀਠੀਆ ਕੋਲ ਹੀ ਗਿਆ ਹੈ।
ਰੰਧਾਵਾ ਨੇ ਇਸ ਦੋਸ਼ ਦਾ ਵੀ ਖੰਡਨ ਕੀਤਾ ਕਿ 2004 'ਚ ਉਨ੍ਹਾਂ ਨੇ ਪਗੜੀ ਉਤਰਨ ਦੇ ਕਾਰਣ ਬਦਲਾ ਲੈਣ ਲਈ ਦਲਬੀਰ ਢਿੱਲਵਾਂ ਦਾ ਕਤਲ ਕਰਵਾਇਆ ਹੈ। ਰੰਧਾਵਾ ਨੇ ਕਿਹਾ ਕਿ ਮਜੀਠੀਆ ਨੂੰ ਆਪਣੀ ਜਾਣਕਾਰੀ ਸਹੀ ਕਰਨੀ ਚਾਹੀਦੀ ਹੈ, ਜਦਕਿ ਪਗੜੀ ਮੇਰੀ ਨਹੀਂ ਬਲਕਿ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੀ ਉਤਰੀ ਸੀ। ਰੰਧਾਵਾ ਨੇ ਕਿਹਾ ਕਿ ਉਹ ਢਿੱਲਵਾਂ ਦੇ ਕਤਲ ਦੇ ਮਾਮਲੇ 'ਚ ਕਿਸੇ ਵੀ ਦੋਸ਼ੀ ਨੂੰ ਨਹੀਂ ਬਚਾਉਣਗੇ ਤੇ ਜਿਸ ਨੇ ਵੀ ਕਤਲ ਕੀਤਾ ਹੈ, ਉਹ ਸਾਰੇ ਫੜੇ ਜਾਣੇ ਚਾਹੀਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਮਜੀਠੀਆ ਤੋਂ ਡਰਨ ਵਾਲੇ ਨਹੀਂ ਅਤੇ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਮਜੀਠੀਆ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਤੱਕ ਆਪਣੇ ਯਤਨ ਜਾਰੀ ਰੱਖਣਗੇ। ਉਨ੍ਹਾਂ ਮਜੀਠੀਆ ਨੂੰ ਮੁੜ ਇਹ ਚੁਣੌਤੀ ਵੀ ਦਿੱਤੀ ਕਿ ਉਹ ਆਪਣੇ ਖਿਲਾਫ਼ ਲੱਗੇ ਦੋਸ਼ਾਂ ਲਈ ਹਾਈਕੋਰਟ ਤੋਂ ਜਾਂਚ ਕਰਵਾਉਣ ਲਈ ਤਿਆਰ ਹਨ ਪਰ ਮਜੀਠੀਆ ਨੂੰ ਵੀ ਉਸ 'ਤੇ ਲੱਗੇ ਨਸ਼ਾ ਸਮੱਗਲਿੰਗ ਦੇ ਦੋਸ਼ਾਂ ਦੀ ਹਾਈਕੋਰਟ ਤੋਂ ਜਾਂਚ ਲਈ ਤਿਆਰ ਹੋਣਾ ਚਾਹੀਦਾ ਹੈ।