ਗੈਂਗਸਟਰਾਂ ਨੂੰ ਬਣਾਵਾਂਗਾ ਬੰਦੇ ਦੇ ਪੁੱਤ : ਮਜੀਠੀਆ
Thursday, Jan 09, 2020 - 09:16 PM (IST)
ਅੰਮ੍ਰਿਤਸਰ,(ਛੀਨਾ)- ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪੁਸ਼ਤ-ਪਨਾਹੀ 'ਚ ਵੱਧ-ਫੁੱਲ ਰਹੇ ਜੱਗੂ ਭਗਵਾਨਪੁਰੀਆ ਜਿਹੇ ਗੈਂਗਸਟਰਾਂ ਵੱਲੋਂ ਭਾਵੇਂ ਮੈਨੂੰ ਰੋਜ਼ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਫਿਰ ਵੀ ਮੈਂ ਉਨ੍ਹਾਂ ਤੋਂ ਡਰਨ ਵਾਲਾ ਨਹੀਂ ਹਾਂ। ਸਮਾਂ ਆਉਣ 'ਤੇ ਗੈਂਗਸਟਰਾਂ ਨੂੰ ਬੰਦੇ ਦੇ ਪੁੱਤ ਬਣਾਵਾਂਗਾ। ਇਹ ਵਿਚਾਰ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਸ਼ਰੇਆਮ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਫਿਰੌਤੀਆਂ ਲੈ ਰਹੇ ਹਨ ਪਰ ਲੋਕ ਫਿਰੌਤੀਆਂ ਦੇਣ ਦੇ ਬਾਵਜੂਦ ਪੁਲਸ ਕੋਲ ਸ਼ਿਕਾਇਤ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਹਨ ਕਿ ਸਿਆਸੀ ਸਰਪ੍ਰਸਤੀ ਹਾਸਲ ਗੈਂਗਸਟਰਾਂ ਖਿਲਾਫ ਪੁਲਸ ਨੇ ਵੀ ਕੋਈ ਕਾਰਵਾਈ ਨਹੀਂ ਕਰਨੀ।
ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਅਜੇ ਪੱਤਰਕਾਰਾਂ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਉਨ੍ਹਾਂ ਦੇ ਮੋਬਾਇਲ 'ਤੇ ਗੈਂਗਸਟਰਾਂ ਵੱਲੋਂ ਫਿਰ ਜਾਨੋਂ ਮਾਰਨ ਦੀ ਧਮਕੀ ਭੇਜੀ ਗਈ, ਜਿਸ ਨੂੰ ਸ. ਮਜੀਠੀਆ ਨੇ ਸਾਰੇ ਪੱਤਰਕਾਰਾਂ ਨੂੰ ਵੀ ਦਿਖਾਇਆ। ਮਜੀਠੀਆ ਨੇ ਆਪਣੇ ਲਹਿਜ਼ੇ 'ਚ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਜੱਗੂ ਨੂੰ ਤਾਂ ਮੈਂ ਮੁਰਗਾ ਬਣਾਵਾਂਗਾ ਤੇ ਬਾਕੀ ਗੈਂਗਸਟਰਾਂ ਦਾ ਕੀ ਬਣੂ, ਇਹ ਸਮਾਂ ਦੱਸੇਗਾ।
ਉਨ੍ਹਾਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁਲਸ ਮੁਲਾਜ਼ਮਾਂ ਦੀ 13ਵੇਂ ਮਹੀਨੇ ਦੀ ਤਨਖਾਹ ਅਤੇ ਸਹੂਲਤਾਂ ਬੰਦ ਕਰਨ ਦੀਆਂ ਕੀਤੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ 24-24 ਘੰਟੇ ਡਿਊਟੀ ਨਿਭਾਉਣ ਵਾਲੇ ਪੁਲਸ ਮੁਲਾਜ਼ਮਾਂ ਦੀ ਜੇਕਰ 13ਵੇਂ ਮਹੀਨੇ ਦੀ ਤਨਖਾਹ ਬੰਦ ਕਰਨ ਦਾ ਫੈਸਲਾ ਲਾਗੂ ਕੀਤਾ ਗਿਆ ਤਾਂ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਖਜ਼ਾਨਾ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਲੋਕਾਂ ਨੂੰ ਸਹੂਲਤਾਂ ਦੇਣ ਵੇਲੇ ਖਾਲੀ ਹੋ ਜਾਂਦਾ ਹੈ ਪਰ ਗੱਡੀਆਂ ਖਰੀਦਣ ਅਤੇ ਵਿਧਾਇਕਾਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਉਣ ਲਈ ਸਰਕਾਰ ਕੋਲ ਬਹੁਤ ਪੈਸੇ ਹਨ। ਸ. ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸੂਬੇ ਦੇ ਮੁਲਾਜ਼ਮਾਂ ਅਤੇ ਲੋਕਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਕਾਂਗਰਸ ਦੇ ਲੋਕ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕਰੇਗਾ।