ਮਜੀਠੀਆ ਖੁਦ ਦਾਖਾ 'ਚ ਐੱਸ. ਐੱਚ. ਓ. ਲੱਗ ਕੇ ਦੇਖ ਲੈਣ : ਬਿੱਟੂ

10/09/2019 1:36:48 PM

ਲੁਧਿਆਣਾ (ਹਿਤੇਸ਼) : ਮੁੱਲਾਂਪੁਰ ਦਾਖਾ 'ਚ ਉਪ ਚੋਣ ਦਾ ਐਲਾਨ ਹੋਣ ਤੋਂ ਠੀਕ ਪਹਿਲਾਂ ਇਕ ਪੁਲਸ ਇੰਸਪੈਕਟਰ ਦੀ ਪੋਸਟਿੰਗ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੁੱਕੇ ਜਾ ਰਹੇ ਇਤਰਾਜ਼ ਨੂੰ ਲੈ ਕੇ ਐੱਮ. ਪੀ. ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਐੱਸ. ਐੱਚ. ਓ. ਹੈ, ਜੋ ਅਕਾਲੀ ਦਲ ਦੀ ਸਰਕਾਰ ਦੌਰਾਨ ਮਨਪ੍ਰੀਤ ਇਆਲੀ ਦਾ ਸਭ ਤੋਂ ਕਰੀਬੀ ਰਿਹਾ ਹੈ ਅਤੇ ਹੁਣ ਉਸ ਨੂੰ ਕਾਂਗਰਸ ਦਾ ਖਾਸ ਦੱਸਿਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ, ਜਿਸ ਤੋਂ ਬੌਖਲਾ ਕੇ ਉਹ ਬਿਨਾਂ ਵਜ੍ਹਾ ਦੇ ਮੁੱਦੇ ਚੁੱਕ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਮਜੀਠੀਆ ਨੂੰ ਚੈਲੰਜ ਕੀਤਾ ਕਿ ਉਹ ਖੁਦ ਦਾਖਾ 'ਚ ਐੱਸ. ਐੱਚ. ਓ. ਲੱਗ ਜਾਣ। ਫਿਰ ਨਤੀਜੇ ਦੇਖ ਲੈਣ।

ਰਾਜੋਆਣਾ ਨੂੰ ਸਾਹਿਬ ਕਹਿਣ 'ਤੇ ਕੱਢੀ ਭੜਾਸ
ਬਿੱਟੂ ਨੇ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਰਾਜੋਆਣਾ ਨੂੰ ਸਾਹਿਬ ਕਹਿਣ 'ਤੇ ਮਜੀਠੀਆ 'ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਰਾਜੋਆਣਾ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਅਤੇ ਸੰਵਿਧਾਨ ਨੂੰ ਨਾ ਮੰਨਦੇ ਹੋਏ ਸਜ਼ਾ ਮੁਆਫੀ ਦੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਲੈ ਕੇ ਮਜੀਠੀਆ ਨੇ ਕਾਂਗਰਸ ਨੂੰ ਆਪਣਾ ਸਟੈਂਡ ਸਾਫ ਕਰਨ ਜੋ ਗੱਲ ਕਹੀ ਹੈ, ਉਸ ਨੂੰ ਪਹਿਲਾ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬ ਨੇ ਇੰਨਾ ਲੰਮਾ ਸਮਾਂ ਸੰਤਾਪ ਝੱਲਿਆ ਹੈ ਅਤੇ ਹਜ਼ਾਰਾਂ ਬੇਗੁਨਾਹਾਂ ਦੇ ਕਤਲ ਕੀਤੇ ਗਏ, ਜਿਸ ਨੂੰ ਲੈ ਕੇ ਅਕਾਲੀ ਦਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਮਜੀਠੀਆ ਦੇ ਨਾਲ ਪ੍ਰੈੱਸ ਕਾਨਫਰੰਸ 'ਚ ਮੌਜੂਦ ਵਿਰਸਾ ਸਿੰਘ ਵਲਟੋਹਾ ਨੇ ਵਿਧਾਨ ਸਭਾ 'ਚ ਖੁਦ ਅੱਤਵਾਦੀ ਹੋਣ ਦੀ ਗੱਲ ਕਬੂਲ ਕੀਤੀ ਸੀ ਅਤੇ ਉਹ ਦਰਬਾਰ ਸਾਹਿਬ ਤੋਂ ਸਭ ਤੋਂ ਪਹਿਲਾ ਹੱਥ ਖੜ੍ਹੇ ਕਰ ਕੇ ਬਾਹਰ ਆਇਆ ਸੀ, ਜਿਸਨੂੰ ਅਕਾਲੀ ਦਲ ਨੇ ਹਲਕਾ ਦਾਖਾ 'ਚ ਲਾਇਆ ਗਿਆ ਹੈ।


Anuradha

Content Editor

Related News