ਮਜੀਠੀਆ ਮਾਮਲੇ ’ਚ ਕਸੂਤਾ ਘਿਰਿਆ ਅਕਾਲੀ ਦਲ, ਵੱਡਾ ਸਵਾਲ ਕੌਣ ਹੋਵੇਗਾ ਹੁਣ ‘ਮਾਝੇ ਦਾ ਜਰਨੈਲ’

Thursday, Dec 23, 2021 - 10:50 AM (IST)

ਜਲੰਧਰ (ਨਰੇਸ਼ ਕੁਮਾਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਪੁਲਸ ਵੱਲੋਂ ਦਰਜ ਕੀਤੇ ਗਏ ਨਸ਼ਾ ਸਮੱਗਲਿੰਗ ਦੇ ਮਾਮਲੇ ਦਾ ਕਾਨੂੰਨੀ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਕਾਂਗਰਸ ਨੇ ਇਹ ਮਾਸਟਰ ਸਟ੍ਰੋਕ ਮਾਰ ਕੇ ਅਕਾਲੀ ਦਲ ਨੂੰ ਮਾਝੇ ਦੇ ਇਲਾਕੇ ’ਚ ਜਰਨੈਲਹੀਣ ਕਰ ਦਿੱਤਾ ਹੈ। 1997 ਤੋਂ ਬਾਅਦ ਪੰਜਾਬ ’ਚ ਅਕਾਲੀ ਦਲ 3 ਵਾਰ ਸੱਤਾ ’ਚ ਆਇਆ ਹੈ ਅਤੇ ਤਿੰਨੋਂ ਵਾਰ ਮਾਝਾ ਖੇਤਰ ਦਾ ਅਕਾਲੀ ਦਲ ਨੂੰ ਸੱਤਾ ਦੀ ਕੁਰਸੀ ਤੱਕ ਪਹੁੰਚਾਉਣ ’ਚ ਵੱਡਾ ਯੋਗਦਾਨ ਰਿਹਾ ਹੈ। 2007 ਅਤੇ 2012 ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ’ਚ ਵੀ ਬਿਕਰਮ ਸਿੰਘ ਮਜੀਠੀਆ ਦੀ ਖਾਸ ਭੂਮਿਕਾ ਰਹੀ ਹੈ ਕਿਉਂਕਿ ਉਹ ਨਾ ਸਿਰਫ ਲਗਾਤਾਰ 3 ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਹਨ ਸਗੋਂ ਪੂਰੇ ਮਾਝਾ ਇਲਾਕੇ ’ਚ ਅਕਾਲੀ ਦਲ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੀ ਵੱਡੀ ਸਖ਼ਤੀ, ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਅਕਾਲੀ ਦਲ ਨੇ 2007 ਦੀਆਂ ਚੋਣਾਂ ’ਚ ਮਾਝਾ ਹਲਕੇ ਦੀ ਉਸ ਸਮੇਂ ਦੀਆਂ ਕੁੱਲ 26 ਸੀਟਾਂ ’ਚੋਂ 16 ’ਤੇ ਕਬਜ਼ਾ ਕੀਤਾ ਸੀ ਜਦਕਿ 2008 ਦੀ ਹੱਦਬੰਦੀ ਤੋਂ ਬਾਅਦ ਇਸ ਖੇਤਰ ਦੀ ਇਕ ਸੀਟ ਘੱਟ ਹੋ ਕੇ 25 ਸੀਟਾਂ ਰਹਿ ਗਈਆਂ ਸਨ ਪਰ 2012 ਦੀਆਂ ਚੋਣਾਂ ’ਚ ਵੀ ਅਕਾਲੀ ਦਲ ਨੇ 25 ’ਚੋਂ 11 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਇਨ੍ਹਾਂ ਦੋਵਾਂ ਚੋਣਾਂ ’ਚ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਭਾਜਪਾ ਨੇ 2007 ’ਚ ਮਾਝਾ ’ਚ 7 ਅਤੇ 2012 ’ਚ 5 ਸੀਟਾਂ ਜਿੱਤੀਆਂ ਸਨ। ਪਿਛਲੀਆਂ ਚੋਣਾਂ ’ਚ ਕਾਂਗਰਸ ਦੀ ਹਨੇਰੀ ’ਚ ਮਾਝਾ ਤੋਂ ਅਕਾਲੀ ਦਲ ਦਾ ਸਫਾਇਆ ਹੋ ਗਿਆ ਸੀ ਪਰ ਮਜੀਠੀਆ ਆਪਣੀ ਸੀਟ ਬਚਾਉਣ ’ਚ ਸਫਲ ਰਹੇ। ਇਸ ਤੋਂ ਪਹਿਲਾਂ 1997 ਦੀਆਂ ਵਿਧਾਨ ਸਭਾ ਚੋਣਾਂ ’ਚ ਜਦ ਅਕਾਲੀ ਦਲ ਅਤੇ ਭਾਜਪਾ ਨੇ ਪਹਿਲੀ ਵਾਰ ਗਠਜੋੜ ’ਚ ਚੋਣ ਲੜੀ ਸੀ ਤਾਂ ਉਸ ਸਮੇਂ ਵੀ ਅਕਾਲੀ ਦਲ ਨੇ ਮਾਝਾ ’ਚ 17 ਅਤੇ ਭਾਜਪਾ ਨੇ 7 ਸੀਟਾਂ ਜਿੱਤੀਆਂ ਸਨ ਅਤੇ 2 ਸੀਟਾਂ ’ਤੇ ਆਜ਼ਾਦ ਉਮੀਦਵਾਰ ਜਿੱਤੇ ਸਨ। ਕਾਂਗਰਸ 1997 ਦੀਆਂ ਚੋਣਾਂ ’ਚ ਮਾਝੇ ਤੋਂ ਪੂਰੀ ਤਰ੍ਹਾਂ ਖਾਲ੍ਹੀ ਹੱਥ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਸੰਗਠਨ ਤੋਂ ਲੈ ਕੇ ਰਣਨੀਤੀ ਬਣਾਉਣ ਤੱਕ ਦਾ ਕੰਮ ਸੀ ਮਜੀਠੀਆ ਦੇ ਜ਼ਿੰਮੇ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੱਥੇ ਇਕ ਪਾਸੇ ਪ੍ਰਸ਼ਾਸਨਿਕ ਕੰਮਾਂ ਦਾ ਜ਼ਿੰਮਾ ਸੰਭਾਲਦੇ ਸਨ ਤਾਂ ਸੰਗਠਨ ਦਾ ਕੰਮ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਜ਼ਿੰਮੇ ਹੀ ਰਹਿੰਦਾ ਸੀ। ਖਾਸ ਤੌਰ ’ਤੇ ਮਾਝਾ ਇਲਾਕੇ ’ਚ ਸਾਰੇ ਸਿਆਸੀ ਫੈਸਲੇ ਮਜੀਠੀਆ ਦੀ ਸਹਿਮਤੀ ਨਾਲ ਹੀ ਲਏ ਜਾਂਦੇ ਸਨ। ਮਜੀਠੀਆ ਨਾ ਸਿਰਫ ਸੰਗਠਨ ਦਾ ਕੰਮ ਦੇਖਦੇ ਸਨ ਸਗੋਂ ਉਮਦੀਵਾਰਾਂ ਦੀ ਚੋਣ, ਚੋਣਾਂ ਲਈ ਫੰਡ ਦਾ ਪ੍ਰਬੰਧ ਅਤੇ ਪ੍ਰਚਾਰ ਦੀ ਲਾਈਨ ਵੀ ਉਨ੍ਹਾਂ ਦੇ ਜ਼ਰੀਏ ਹੀ ਤੈਅ ਹੁੰਦੀਆਂ ਸਨ। ਅਕਾਲੀ ਦਲ ਲਈ ਮੁਸ਼ਕਿਲ ਵਾਲੀ ਗੱਲ ਇਹ ਵੀ ਹੈ ਕਿ ਮਜੀਠੀਆ ਦੀ ਗੈਰ-ਹਾਜ਼ਰੀ ’ਚ ਇਹ ਸਾਰੇ ਕੰਮ ਕਰਨ ਲਈ ਮਾਝਾ ਖੇਤਰ ਤੋਂ ਕੋਈ ਦੂਜਾ ਨੇਤਾ ਇੰਨਾ ਸਮਰੱਥ ਨਹੀਂ ਹੈ। ਇਸ ਲਈ ਮਜੀਠੀਆ ਦੀ ਗੈਰ-ਹਾਜ਼ਰੀ ਦਾ ਅਕਾਲੀ ਦਲ ਨੂੰ ਚੋਣਾਂ ’ਚ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ

ਜ਼ਮਾਨਤ ਨਾ ਹੋਈ ਤਾਂ ਵਧੇਗਾ ਅਕਾਲੀ ਦਲ ਦਾ ਸੰਕਟ
ਹਾਲਾਂਕਿ ਅਕਾਲੀ ਦਲ ਆਪਣੇ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਬਚਾਅ ’ਚ ਸਿਆਸੀ ਲੜਾਈ ਲੜਣ ਦੇ ਨਾਲ-ਨਾਲ ਕਾਨੂੰਨੀ ਲੜਾਈ ਦੇ ਸਾਰੇ ਬਦਲਾਂ ’ਤੇ ਕੰਮ ਕਰ ਰਿਹਾ ਹੈ ਪਰ ਕਾਨੂੰਨੀ ਦਾਅ-ਪੇਚਾਂ ’ਚ ਮਜੀਠੀਆ ਦੀ ਜ਼ਮਾਨਤ ਲੰਬੀ ਲਟਕੀ ਤਾਂ ਮਾਝਾ ’ਚ ਅਕਾਲੀ ਦਲ ਲਈ ਵੱਡੀ ਸਿਆਸੀ ਮੁਸ਼ਕਿਲ ਖੜੀ ਹੋਣੀ ਤੈਅ ਹੈ। ਅਜਿਹਾ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਜੇ ਤੱਕ ਜ਼ਮਾਨਤ ਨਹੀਂ ਹੋ ਸਕੀ ਹੈ ਅਤੇ ਉਨ੍ਹਾਂ ਦੀ ਜ਼ਮਾਨਤ ’ਤੇ ਅਗਲੀ ਸੁਣਵਾਈ ਹੁਣ 18 ਜਨਵਰੀ ਨੂੰ ਹੋਣੀ ਹੈ, ਅਜਿਹੇ ’ਚ ਜੇ ਇਸ ਮਾਮਲੇ ’ਚ ਮਜੀਠੀਆ ਦੀ ਗ੍ਰਿਫਤਾਰੀ ਹੋਈ ਅਤੇ ਅਦਾਲਤ ਤੋਂ ਉਨ੍ਹਾਂ ਨੂੰ ਜ਼ਮਾਨਤ ਨਾ ਮਿਲੀ ਤਾਂ ਉਹ ਮਾਝੇ ’ਚ ਪਹਿਲਾਂ ਵਾਂਗ ਸਿਆਸੀ ਤੌਰ ’ਤੇ ਸਰਗਰਮ ਨਹੀਂ ਰਹਿ ਸਕਣਗੇ। ਅਜਿਹੇ ’ਚ ਮਾਝਾ ਦਾ ਸਿਆਸੀ ਮੈਦਾਨ ਕਾਂਗਰਸ ਅਤੇ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਲਈ ਵੀ ਖੁੱਲ੍ਹਾ ਰਹੇਗਾ।

ਇਹ ਵੀ ਪੜ੍ਹੋ : ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ ਮਜੀਠੀਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News