ਸਰਪੰਚ ਨੇ ਘਰ ''ਤੇ ਗੋਲੀ ਚਲਣ ਦਾ ਕੀਤਾ ਦਾਅਵਾ, ਪੁਲਸ ਜਾਂਚ ''ਚ ਜੁੱਟੀ

Monday, Dec 02, 2019 - 01:03 PM (IST)

ਸਰਪੰਚ ਨੇ ਘਰ ''ਤੇ ਗੋਲੀ ਚਲਣ ਦਾ ਕੀਤਾ ਦਾਅਵਾ, ਪੁਲਸ ਜਾਂਚ ''ਚ ਜੁੱਟੀ

ਭਿੱਖੀਵਿੰਡ/ਖਾਲੜਾ (ਭਾਟੀਆ) : ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਬੈਕਾਂ ਵਿਖੇ ਮੌਜੂਦਾ ਸਰਪੰਚ ਦੇ ਘਰ ਨੇੜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਬੈਕਾਂ ਦੇ ਸਰਪੰਚ ਕਰਨਬੀਰ ਸਿੰਘ ਨੇ ਦੱਸਿਆ ਕਿ ਮੈਂ ਬੀਤੀ ਰਾਤ ਆਪਣੇ ਘਰ ਦੇ ਕਮਰੇ 'ਚ ਸੌਂ ਰਿਹਾ ਸੀ। ਇਸ ਦੌਰਾਨ ਬਾਹਰ ਕੋਈ ਖੜਾਕ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਮੈਂ ਅਤੇ ਮੇਰੇ ਪਰਿਵਾਰ ਨੇ ਬਾਹਰ ਜਾ ਕੇ ਦੇਖਿਆ ਤਾਂ ਮੇਰੀ ਕਾਰ 'ਤੇ ਗੋਲੀ ਵਰਗੀ ਚੀਜ਼ ਦੇ ਨਿਸ਼ਾਨ ਪਏ ਹੋਏ ਸਨ। ਇਸ ਤੋਂ ਇਲਾਵਾ ਕੰਧ ਉਪਰ ਵੀ ਇਸੇ ਤਰ੍ਹਾਂ ਹੀ ਨਿਸ਼ਾਨ ਪਏ ਹੋਏ ਸਨ, ਜਿਸ ਕਰ ਕੇ ਅਸੀਂ ਇਸ ਘਟਨਾ ਸਬੰਧੀ ਭਾਲ ਕਰਨੀ ਸ਼ੁਰੂ ਕੀਤੀ, ਤਾਂ ਸਾਡੀ ਕੰਧ ਦੇ ਨੇੜੇ ਗੋਲੀ ਦੇ ਖੋਲ ਪਏ ਦਿਖਾਈ ਦਿੱਤੇ। ਸਰਪੰਚ ਕਰਨਬੀਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਸਾਡੇ ਵੱਲੋਂ ਸਾਰੀ ਜਾਣਕਾਰੀ ਪੁਲਸ ਚੌਕੀ ਸੁਰਸਿੰਘ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੁਰਸਿੰਘ ਚੌਕੀ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਸਾਡੇ ਘਰ ਪੁੱਜੇ ਤੇ ਉਹ ਖੋਲ ਆਪਣੇ ਕਬਜ਼ੇ ਵਿਚ ਲੈ ਲਏ।

ਇਸ ਸਬੰਧੀ ਜਦੋਂ ਸੁਰਸਿੰਘ ਚੌਕੀ ਇੰਚਾਰਜ ਸੁਰਿੰਦਰਪਾਲ ਸਿੰਘ ਨਾਲ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗੋਲੀ ਚੱਲਣ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਅਸੀਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਗਏ ਸੀ। ਉਨ੍ਹਾਂ ਨੇ ਮੌਕੇ ਤੋਂ ਗੋਲੀਆਂ ਦੇ ਖਾਲੀ ਖੋਲ ਬਰਾਮਦ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਤਫਤੀਸ਼ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਵੇਗੀ। ਜਿਸ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Baljeet Kaur

Content Editor

Related News