ਪੁਲਸ ਨੇ ਨਸ਼ਿਆਂ ਵਿਰੋਧੀ ਕੱਢੀ ਮੋਟਰਸਾਈਕਲ ਰੈਲੀ
Thursday, Feb 08, 2018 - 08:16 AM (IST)

ਅਜੀਤਵਾਲ (ਰੱਤੀ) - ਥਾਣਾ ਅਜੀਤਵਾਲ ਦੀ ਪੁਲਸ ਵੱਲੋਂ ਅੱਜ ਇਥੇ ਨਸ਼ਿਆਂ ਵਿਰੋਧੀ ਮੋਟਰਸਾਈਕਲ ਰੈਲੀ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਕੱਢੀ ਗਈ, ਜਿਸ ਦੀ ਅਗਵਾਈ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਕੀਤੀ। ਇਸ ਰੈਲੀ ਵਿਚ ਅਜੀਤਵਾਲ, ਢੁੱਡੀਕੇ, ਕੋਕਰੀ ਕਲਾਂ, ਮੱਦੋਕੇ, ਚੂਹੜਚੱਕ ਆਦਿ ਪਿੰਡਾਂ ਦੇ ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਥਾਣਾ ਮੁਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਜਿੱਥੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਸੁੱਟ ਦਿੰਦਾ ਹੈ, ਉਥੇ ਹੀ ਸਾਨੂੰ ਆਰਥਿਕ ਤੰਗੀ ਵੱਲ ਵੀ ਧੱਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਨੌਜਵਾਨ ਨਸ਼ਾ ਕਰਨ ਦੇ ਆਦੀ ਹੋ ਗਏ ਹਨ, ਉਨ੍ਹਾਂ ਨੂੰ ਇਸ ਦਲਦਲ 'ਚੋਂ ਕੱਢਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੁਲਸ ਵੱਲੋਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦਾ ਤਿਆਗ ਕਰਨ। ਇਸ ਮੌਕੇ ਥਾਣੇਦਾਰ ਸੰਤੋਖ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਜਗਦੀਪ ਸਿੰਘ ਮੱਲ੍ਹੀ, ਸਿਪਾਹੀ ਹਰਮਨਪ੍ਰੀਤ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।