ਬੇਕਾਬੂ ਮੋਟਰਸਾਈਕਲ ਖੰਭੇ ਨਾਲ ਟਕਰਾਇਆ, 2 ਦੀ ਮੌਤ
Thursday, Oct 05, 2017 - 06:24 AM (IST)
ਮੋਗਾ (ਅਜ਼ਾਦ)- ਬੀਤੀ ਦੇਰ ਰਾਤ ਪਿੰਡ ਇੰਦਰਗੜ੍ਹ ਅਤੇ ਲੋਹਗੜ੍ਹ ਕੋਲ ਨਹਿਰ ਨੇੜੇ ਬੇਕਾਬੂ ਮੋਟਰਸਾਈਕਲ ਖੰਭੇ ਨਾਲ ਟਕਰਾਉਣ ਨਾਲ ਜਗਪਾਲ ਸਿੰਘ (28) ਨਿਵਾਸੀ ਪਿੰਡ ਤਿਹਾੜਾ ਅਤੇ ਰਮੇਸ਼ ਕੁਮਾਰ (22) ਨਿਵਾਸੀ ਯੂ. ਪੀ. ਹਾਲ ਆਬਾਦ ਪਿੰਡ ਤਿਹਾੜਾ (ਜਗਰਾਓਂ) ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਕੀਤੀ। ਜਗਪਾਲ ਸਿੰਘ ਜੋ ਸਿੱਧਵਾਂ ਬੇਟ 'ਚ ਇਕ ਪ੍ਰਾਈਵੇਟ ਮਿੰਨੀ ਬੱਸ ਦਾ ਚਾਲਕ ਸੀ, ਆਪਣੇ ਦੋਸਤ ਰਮੇਸ਼ ਕੁਮਾਰ ਨਾਲ ਮੋਗਾ ਆਪਣੇ ਸਹੁਰੇ ਘਰ ਆ ਰਿਹਾ ਸੀ। ਪਿੰਡ ਲੋਹਗੜ੍ਹ ਦੇ ਨਜ਼ਦੀਕ ਨਹਿਰ ਕੋਲ ਪੁੱਜੇ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਇਕ ਖੰਭੇ ਨਾਲ ਜਾ ਟਕਰਾਇਆ। ਉਨ੍ਹਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਪ੍ਰੀਤਮ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਲੋਹਗੜ੍ਹ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਅੱਜ ਦੋਵੇਂ ਲਾਸ਼ਾਂ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।
