ਬਿਜਲੀ ਦੇ ਵਧੇ ਰੇਟਾਂ ਤੋਂ ਨਾਰਾਜ਼ ਸਿਰ 'ਤੇ ਮੀਟਰ ਤੇ ਹੱਥਾਂ 'ਚ ਲਾਲਟੇਨਾਂ ਲੈ ਕੇ ਨਿਕਲੇ ਲੋਕ

Tuesday, Oct 24, 2017 - 09:20 PM (IST)

ਬਿਜਲੀ ਦੇ ਵਧੇ ਰੇਟਾਂ ਤੋਂ ਨਾਰਾਜ਼ ਸਿਰ 'ਤੇ ਮੀਟਰ ਤੇ ਹੱਥਾਂ 'ਚ ਲਾਲਟੇਨਾਂ ਲੈ ਕੇ ਨਿਕਲੇ ਲੋਕ

ਬਠਿੰਡਾ (ਪਰਮਿੰਦਰ)-ਪੰਜਾਬ ਸਰਕਾਰ ਵਲੋਂ ਬਿਜਲੀ ਦੇ ਵਧਾਏ ਰੇਟਾਂ ਖਿਲਾਫ ਭੜਕੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸਿਰ 'ਤੇ ਮੀਟਰ ਬੰਨ੍ਹ ਕੇ ਹੱਥਾਂ 'ਚ ਲਾਲਟੇਨਾਂ ਲੈ ਕੇ ਸੜਕਾਂ 'ਤੇ ਉਤਰੇ ਆਏ ਅਤੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। 
ਪਰਸਰਾਮ ਨਗਰ ਮੁੱਖ ਚੌਕ ਵਿਚ ਪ੍ਰਦਰਸ਼ਨ ਕਰਦਿਆਂ ਲੋਕਾਂ ਨੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆਉਣ ਤੋਂ ਪਹਿਲਾ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਸੱਤਾ 'ਚ ਆਉਂਦਿਆਂ ਹੀ ਸਰਕਾਰ ਆਪਣੇ ਸਾਰੇ ਵਾਅਦੇ ਭੁੱਲ ਚੁੱਕੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਥਰਮਲ ਪਲਾਂਟ ਬੰਦ ਕਰਕੇ ਲੋਕਾਂ ਤੋਂ ਸਸਤੀ ਬਿਜਲੀ ਦੀ ਸੁਵਿਧਾ ਖੋਹਣਾ ਚਾਹੁੰਦੀ ਹੈ। ਇਕ ਪਾਸੇ ਲੋਕਾਂ ਤੋਂ ਕਾਓ ਟੈਕਸ, ਸਾਇਕਲ ਟੈਕਸ ਆਦਿ ਵਸੂਲੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਬਿਜਲੀ ਦੇ ਰੇਟ ਵੱਧਾ ਕੇ ਲੋਕਾਂ 'ਤੇ ਆਰਥਿਕ ਬੋਝ ਦੋਗੁਣਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਬਿਜਲੀ ਰੇਟਾਂ ਵਿਚ ਵਾਧੇ ਦਾ ਫੈਸਲਾ ਰੱਦ ਕਰਨ ਤੇ ਜੀ. ਐਸ. ਟੀ. ਲਾਗੂ ਹੋਣ ਕਾਰਨ ਲੋਕਾਂ ਨੂੰ ਬਾਕੀ ਟੈਕਸਾਂ ਤੋਂ ਮੁਕਤ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਕਰਮ ਕੁਮਾਰ, ਨਰਿੰਦਰ ਕੁਮਾਰ, ਸੰਜੀਵ ਕੁਮਾਰ, ਸੋਮਨਾਥ, ਅੰਜਨੀ ਕੁਮਾਰ, ਭੂਪਿੰਦਰ ਕੁਮਾਰ, ਤਿਲਕ ਰਾਜ ਆਦਿ ਮੌਜੂਦ ਸਨ।


Related News