ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਡਾ. ਰਾਜ ਕੁਮਾਰ ਚੱਬੇਵਾਲ ਦਾ ਵੱਡਾ ਬਿਆਨ
Friday, Mar 15, 2024 - 06:25 PM (IST)
ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਰਾਜ ਕੁਮਾਰ ਚੱਬੇਵਾਲ ਨੇ ਵਿਧਾਇਕੀ ਦੇ ਨਾਲ-ਨਾਲ ਪਾਰਟੀ ’ਚੋਂ ਵੀ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ’ਤੇ ਚੱਲ ਰਹੀ ਹੈ। ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ‘ਆਪ’ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ 200 ਯੂਨਿਟ ਪਹਿਲਾਂ ਵੀ ਫਰੀ ਮਿਲਦੇ ਸੀ ਪਰ ਹੁਣ 300 ਯੂਨਿਟ ਮਿਲ ਰਹੇ ਹਨ।
ਇਹ ਵੀ ਪੜ੍ਹੋ : ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ’ਚ ਸ਼ਾਮਲ
ਹਰ ਪਰਿਵਾਰ ਨੂੰ ਬਿਜਲੀ ਫਰੀ ਮਿਲ ਰਹੀ। ਲਗਭਗ 90 ਫੀਸਦੀ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ। ਇਹ ਬਹੁਤ ਵੱਡੀ ਗੱਲ ਹੈ। ਪੰਜਾਬ ਸਰਕਾਰ ਵੱਲੋਂ ਗਰੀਬਾਂ ਲਈ ਬਹੁਤ ਵੱਡੇ ਕੰਮ ਕਰ ਰਹੀ ਹੈ, ਮੇਰਾ ਸੁਫਨਾ ਹੈ ਕਿ ਪੰਜਾਬ ਵਿਚ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ, ਹਰ ਛੱਤ ਪੱਕੀ ਹੋਵੇ। ਇਸ ਲਈ ਉਹ ਮੁੱਖ ਮੰਤਰੀ ਨਾਲ ਵੀ ਗੱਲ ਕਰਕੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਆਪਣੇ ਹਲਕੇ ਦੀਆਂ ਮੰਗਾਂ ਅਤੇ ਹੋਰ ਮਸਲੇ ਵੀ ਰੱਖੇ ਹਨ। ਜਿਸ ਦਾ ਮੁੱਖ ਮੰਤਰੀ ਨੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : ਮੁੜ ਬਾਦਲਾਂ ਨੂੰ ਟੱਕਰ ਦੇਣਗੇ ਗੁਰਮੀਤ ਸਿੰਘ ਖੁੱਡੀਆਂ, ਦਿਲਚਸਪ ਹੋਵੇਗਾ ਬਠਿੰਡਾ ਸੀਟ ਤੋਂ ਮੁਕਾਬਲਾ
ਡਾ. ਚੱਬੇਵਾਲ ਨੇ ਕਿਹਾ ਕਿ ਉਹ ਪਾਰਟੀ ਵਿਚ ਸਮਰਪਿਤ ਸਿਪਾਹੀ ਦੇ ਤੌਰ ’ਤੇ ਕੰਮ ਕੰਮ ਕਰਨਗੇ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਰਾਜ ਕੁਮਾਰ ਚੱਬੇਵਾਲ ਨੇ ਕਰਜ਼ਾ ਚੁੱਕਣ ਦੇ ਮੁੱਦੇ ’ਤੇ ‘ਆਪ’ ਸਰਕਾਰ ਨੂੰ ਕੋਸਿਆ ਸੀ। ਹੁਣ ਰਾਜ ਕੁਮਾਰ ਚੱਬੇਵਾਲ ਦੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤਿੱਖੇ ਸਵਾਲ ਕੀਤੇ ਜਾ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨੇ ਚੱਬੇਵਾਲ ਨੂੰ ਸਵਾਲ ਕੀਤਾ ਕਿ ਉਹ ਕੱਲ੍ਹ ਤਾਂ ਪੰਜਾਬ ਸਰਕਾਰ ’ਤੇ ਕਰਜ਼ੇ ਦੇ ਮਾਮਲੇ ’ਤੇ ਹਮਲੇ ਬੋਲ ਰਹੇ ਸਨ, ਕੀ ਇਕ ਹਫ਼ਤੇ ਵਿਚ ਕਰਜ਼ੇ ਦੀ ਪੰਡ ਹਲਕੀ ਹੋ ਗਈ ਹੈ। ਇਸ ’ਤੇ ਉਨ੍ਹਾਂ ਆਖਿਆ ਕਿ ਉਸ ਸਮੇਂ ਉਹ ਵਿਰੋਧੀ ਧਿਰ ਵਿਚ ਸਨ। ਬਾਕੀ ਉਹ ਮੁੱਖ ਮੰਤਰੀ ਨੂੰ ਮਿਲੇ ਹਨ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਸਿਰੋਂ ਕਰਜ਼ੇ ਦੀ ਪੰਡ ਹੌਲੀ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8