ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ
Friday, Mar 11, 2022 - 03:11 PM (IST)
ਲੰਬੀ (ਵੈੱਬ ਡੈਸਕ): ਬਾਦਲਾਂ ਦੇ ਗੜ੍ਹ ਲੰਬੀ ਹਲਕੇ 'ਚ ਸੰਨ੍ਹ ਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਜਿੱਤ ਮਗਰੋਂ ਪਹਿਲਾ ਵੱਡਾ ਬਿਆਨ ਦਿੱਤਾ ਹੈ। ਖੁੱਡੀਆਂ ਨੇ ਕਿਹਾ ਕਿ ਇਸ ਜਿੱਤ ਪਿੱਛੇ 32 ਸਾਲਾਂ ਦੀ ਮਿਹਨਤ ਹੈ। ਗੁਰਮੀਤ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦੀ ਯੂਨੀਵਰਸਿਟੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਦੇ ਸਾਥ ਨਾਲ ਸਿਆਸਤ ਦੀ ਇਹ ਯੂਨੀਵਰਸਿਟੀ ਬੰਦ ਕਰ ਦਿੱਤੀ ਹੈ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੰਬੀ ਹਲਕੇ ਦੇ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸਿਆਸਤ ਸਿਰਫ਼ ਪੈਸੇ ਨਾਲ ਹੀ ਨਹੀਂ ਕੀਤੀ ਜਾਂਦੀ ਸਗੋਂ ਸਿਆਸਤ ਸੱਚੀ-ਸੁੱਚੀ ਵੀ ਕੀਤੀ ਜਾ ਸਕਦੀ ਹੈ। ਜੋ ਪਰਿਵਾਰ ਪਹਿਲਾਂ ਤੋਂ ਹੀ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨਾਲ ਜੁੜੇ ਹੋਏ ਸਨ ਉਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਹੈ। ਮੈਂ ਸਬਰ ਦੀ ਸਿਆਸਤ ਕੀਤੀ ਹੈ ਅਤੇ ਲੋਕਾਂ ਨੇ ਜਿੱਤ ਦਾ ਫ਼ਤਵਾ ਮੇਰੇ ਹੱਕ ਵਿੱਚ ਦਿੱਤਾ ਹੈ। ਲੋਕਾਂ ਦੇ ਸਾਥ ਨਾਲ ਮੈਂ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਦਸ ਵਾਰ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਲੋਕਾਂ ਨੇ ਗੱਪਾਂ, ਝੂਠ ਅਤੇ ਹੇਰਾਫੇਰੀ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ। ਦੱਸਣਯੋਗ ਹੈ ਕਿ ਲੰਬੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 66,313 ਅਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 54,917 ਵੋਟਾਂ ਪਈਆਂ ਸਨ। ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨਾਲੋਂ 11 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਗੁਰਮੀਤ ਸਿੰਘ ਜੇਤੂ ਰਹੇ ਹਨ।
ਨੋਟ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ