ਰਿਸ਼ਵਤ ਲੈਣ ਦੇ ਦੋਸ਼ 'ਚ ਫਸੇ ਫਰੀਦਕੋਟ ਦੇ SP-DSP ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ

06/04/2023 5:17:55 PM

ਫ਼ਰੀਦਕੋਟ(ਰਾਜਨ) : ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਡੇਰਾ ਬਾਬਾ ਹਰਕਾਦਾਸ ਮੁਖੀ ਦੇ ਚੇਲੇ ਸੰਤ ਬਾਬਾ ਦਿਆਲ ਦਾਸ ਦੀ ਸਾਲ 2019 ਵਿੱਚ ਹੋਏ ਕਤਲ ਮਾਮਲੇ ਵਿੱਚ ਲੱਖਾਂ ਦੀ ਰਿਸ਼ਵਤ ਮੰਗਣ ਅਤੇ ਕਥਿਤ 20 ਲੱਖ ਰੁਪਏ ਵਸੂਲ ਕਰਨ ਦੇ ਦੋਸ਼ਾਂ ਵਿੱਚ ਘਿਰੇ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ’ਤੇ ਵਿਜੀਲੈਂਸ ਬਿਓਰੋ ਚੰਡੀਗੜ੍ਹ-ਫਿਰੋਜ਼ਪੁਰ ਦੀ ਗਾਜ ਡਿੱਗਣ ਉਪਰੰਤ ਗਗਨੇਸ਼ ਕੁਮਾਰ ਪੀ. ਪੀ. ਐੱਸ, ਐੱਸ. ਪੀ ਇਨਵੈਸਟੀਗੇਸ਼ਨ ਫਰੀਦਕੋਟ, ਸ਼ੁਸ਼ੀਲ ਕੁਮਾਰ ਪੀ. ਪੀ. ਐੱਸ, ਡੀ. ਐੱਸ. ਪੀ.  ਨਾਰਕੋਟਿਕ ਫਰੀਦਕੋਟ, ਖੇਮ ਚੰਦ ਪ੍ਰਾਸ਼ਰ ਐੱਸ. ਆਈ, ਸੰਤ ਮਲਕੀਤ ਦਾਸ ਗਾਰਡੀਅਨ ਮਹੰਤ ਹਮੇਸ਼ ਮੁਨੀ, ਡੇਰਾ ਗਊਸ਼ਾਲਾ ਬੀੜ ਸਿੱਖਾਂਵਾਲਾ ਅਤੇ ਇੱਕ ਠੇਕੇਦਾਰ ’ਤੇ ਮੁਕੱਦਮਾ ਦਰਜ ਕਰਨ ਉਪਰੰਤ ਐੱਸ. ਪੀ.  ਗਗਨੇਸ਼ ਕੁਮਾਰ ਅਤੇ ਡੀ. ਐੱਸ.ਪੀ.  ਸ਼ੁਸ਼ੀਲ ਕੁਮਾਰ ਦਾ ਫਰੀਦਕੋਟ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਇਕ ਹੋਰ ਵੱਡੀ ਪ੍ਰਾਪਤੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਝੰਡੀ

ਜ਼ਿਕਰਯੋਗ ਹੈ ਕਿ ਬਾਬਾ ਗਗਨ ਦਾਸ, ਜੋ ਆਪਣੇ ਗੁਰੂ ਬਾਬਾ ਹਰੀ ਦਾਸ ਦੀ ਮਈ 2020 ਵਿੱਚ ਮੌਤ ਹੋ ਜਾਣ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹਨ, ਨੇ ਬਿਆਨ ਕੀਤਾ ਸੀ ਕਿ ਸਾਲ 2019 ਵਿੱਚ ਦੋ ਮੁੰਡੇ ਮੋਟਰਸਾਈਕਲ ’ਤੇ ਗਊਆਂ ਨੂੰ ਗੁੜ ਪਾਉਣ ਦੇ ਬਹਾਨੇ ਡੇਰੇ ਵਿੱਚ ਆਏ। ਇਸ ਦੌਰਾਨ ਉਨ੍ਹਾਂ ਬਾਬਾ ਹਰੀਦਾਸ ਦੇ ਚੇਲੇ ਸੰਤ ਦਿਆਲ ਦਾਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ’ਤੇ ਬਾਬਾ ਗਗਨਦਾਸ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 154 ਅਧੀਨ ਧਾਰਾ 302, 34, 120 ਬੀ. ਆਈ. ਪੀ. ਸੀ ਅਤੇ ਅਸਲਾ ਐਕਟ ਤਹਿਤ ਥਾਣਾ ਕੋਟਕਪੂਰਾ ਵਿਖੇ ਸੰਤ ਜਰਨੈਲ ਦਾਸ ਕਪੂਰੇ ਅਤੇ ਦੋ ਅਛਪਛਾਤੇ ਨੌਜਵਾਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਸੀ।

ਬਿਆਨਕਰਤਾ ਅਨੁਸਾਰ ਕੋਟਸੁਖੀਆ ਦੇ ਮੁਖੀ ਸੰਤ ਹਰੀਦਾਸ ਵੱਲੋਂ ਬਜ਼ੁਰਗ ਹੋਣ ਦੀ ਸੂਰਤ ਵਿੱਚ ਸੰਤ ਜਰਨੈਲ ਸਿੰਘ ਕਪੂਰੇ ਦੇ ਵਿਸ਼ਵਾਸ ਵਿੱਚ ਆ ਕੇ 27 ਅਗਸਤ 2008 ਨੂੰ ਮੁਖਤਿਆਰਨਾਮਾ ਕਰਕੇ ਡੇਰੇ ਨਾਲ ਸਬੰਧਤ ਸਾਰੀਆਂ ਗਊਸ਼ਾਲਾਵਾਂ ਦੀ ਜ਼ਿੰਮੇਵਾਰੀ ਉਸਨੂੰ ਸੌਂਪ ਦਿੱਤੀ ਸੀ ਪਰ ਉਸਦੇ ਦਾ ਚਾਲ-ਚੱਲਣ ਠੀਕ ਨਾ ਹੋਣ ਕਾਰਣ ਦੋ ਮਹੀਨੇ ਬਾਅਦ ਹੀ ਸੰਤਾਂ ਵੱਲੋਂ ਮੁਖਤਿਆਰਨਾਮਾ ਰੱਦ ਕਰਕੇ 5 ਮਈ 2009 ਨੂੰ ਨਵਾਂ ਮੁਖਤਿਆਰਨਾਮਾ ਸੰਤ ਦਿਆਲ ਦਾਸ ਨੂੰ ਦੇ ਦਿੱਤਾ ਸੀ। ਜਿਸ ਕਾਰਣ ਸੰਤ ਜਰਨੈਲ ਦਾਸ ਕਪੂਰੇ ਵਾਲੇ ਸੰਤ ਦਿਆਲ ਦਾਸ ਨਾਲ ਖਾਰ ਖਾਂਦਾ ਸੀ। 

ਇਹ ਵੀ ਪੜ੍ਹੋ- ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤੰਜ, ਆਖੀ ਵੱਡੀ ਗੱਲ

ਬਿਆਨਕਰਤਾ ਅਨੁਸਾਰ ਬਾਅਦ ਵਿੱਚ ਪਤਾ ਲੱਗਾ ਕਿ ਕਤਲ ਵਾਲੇ ਦਿਨ ਅਮਰਜੀਤ ਸਿੰਘ ਉਰਫ਼ ਮੱਖਣ ਵਾਸੀ ਕਪੂਰੇ ਅਤੇ ਹਰਮੀਤ ਸਿੰਘ ਉਰਫ਼ ਰੂਬਲ, ਜੋ ਸੰਤ ਜਰਨੈਲ ਦਾਸ ਕੋਲ ਗਊਸ਼ਾਲਾ ਡੇਰਾ ਕਪੂਰੇ ਵਿਖੇ ਰਹਿੰਦੇ ਸਨ, ਕਤਲ ਤੋਂ ਪਹਿਲਾਂ ਕੋਟਸੁਖੀਆ ਡੇਰੇ ਦੀ ਰੈਕੀ ਕਰਨ ਆਏ ਸਨ ਜਦਕਿ ਘਟਨਾ ਵਾਲੇ ਦਿਨ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਨਵਾਂ ਕਿਲਾ ਅਤੇ ਅਮਰੀਕ ਸਿੰਘ ਵਾਸੀ ਜੈਮਲ ਵਾਲਾ ਨੇ ਡੇਰਾ ਕੋਟਸੁਖੀਆ ਵਿਖੇ ਆ ਕੇ ਸੰਤ ਦਿਆਲ ਦਾਸ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਵਿੱਚ ਸੁਖਦੂਲ ਸਿੰਘ ਵਾਸੀ ਦੂਨੇਕੇ, ਸੁਖਪ੍ਰੀਤ ਸਿੰਘ ਵਾਸੀ ਕੁੱਸਾ ਅਤੇ ਨਵਤੇਜ ਸਿੰਘ ਉਰਫ਼ ਭੋਲਾ ਵਾਸੀ ਰਣਸੀਂਹ ਦੀ ਵੀ ਸ਼ਮੂਲੀਅਤ ਰਹੀ ਪਰ ਇਸ ਕੇਸ ਵਿੱਚ ਜਾਂਚ ਕਰਨ ਲਈ ਬਣਾਈ ਗਈ ਸਿਟ ਵਿੱਚ ਸ਼ਾਮਲ ਉਕਤ ਪੁਲਸ ਅਧਿਕਾਰੀਆਂ ਵੱਲੋਂ ਸੰਤ ਜਰਨੈਲ ਦਾਸ ਕਪੂਰੇ ਨੂੰ ਬੇਗੁਨਾਂਹ ਕਰਾਰ ਦੇ ਦਿੱਤਾ। 

ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਸਿਟ ਵੱਲੋਂ ਜਾਰੀ ਜਾਂਚ ਦੌਰਾਨ ਉਸਨੂੰ ਡੇਰੇ ਦੇ ਆੜ੍ਹ੍ਤੀਏ ਮੇਲਾ ਰਾਮ ਕੋਟਕਪੂਰਾ ਨੇ ਫੋਨ ਕਰਕੇ ਦੱਸਿਆ ਕਿ ਤੈਨੂੰ ਆਈ. ਜੀ ਫਰੀਦਕੋਟ ਨੇ ਮਿਲਣਾ ਹੈ। ਇਸ 'ਤੇ ਬਿਆਨ ਕਰਤਾ ਡੇਰੇ ਦੇ ਇੱਕ ਸ਼ਰਧਾਲੂ ਪੁਲਸ ਕਰਮਚਾਰੀ ਨੂੰ ਨਾਲ ਲੈ ਕੇ ਪਿੰਡ ਦੇਵੀਵਾਲਾ ਨਜ਼ਦੀਕ ਕੋਟਕਪੂਰਾ ਵਿਖੇ ਮੇਲਾ ਰਾਮ ਦੇ ਸ਼ੈਲਰ ’ਤੇ ਚਲਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਕਤ ਵਿੱਚੋਂ ਐੱਸ. ਆਈ. ਖੇਮ ਚੰਦ ਪਰਾਸ਼ਰ, ਜੋ ਆਈ. ਜੀ.  ਫਰੀਦਕੋਟ ਦਾ ਖ਼ਾਸ ਸੀ, ਨੇ ਆ ਕੇ ਬਿਆਨ ਕਰਤਾ ਨੂੰ ਆਖਿਆ ਕਿ ਉਸਨੂੰ ਆਈ. ਜੀ ਸਾਹਿਬ ਨੇ ਭੇਜਿਆ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ

ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਐੱਸ. ਆਈ. ਖੇਮ ਚੰਦ ਪਰਾਸ਼ਰ ਨੇ ਉਸਨੂੰ ਕਿਹਾ ਕਿ ਸੰਤ ਜਰਨੈਲ ਦਾਸ ਕਪੂਰੇ ਨੂੰ ਇੱਕ ਕਰੋੜ ਰੁਪਏ ਸੁਰਜੀਤ ਸਿੰਘ ਡੀ. ਆਈ. ਜੀ. ਫਰੀਦਕੋਟ ਰੇਂਜ ਨੇ ਲੈ ਕੇ ਮਾਮਲੇ ਵਿੱਚੋਂ ਕਢਵਾਇਆ ਸੀ ਅਤੇ ਜੇਕਰ ਉਸਨੂੰ ਗ੍ਰਿਫ਼ਤਾਰ ਕਰਵਾਉਣਾ ਹੈ ਤਾਂ ਉਸ ਨੂੰ ਅੱਧੀ ਰਕਮ 50 ਲੱਖ ਰੁਪਏ ਦੇਣੀ ਪਵੇਗੀ। ਇਸ ਉਪਰੰਤ ਬਿਆਨਕਰਤਾ ਨੂੰ ਸਿੱਖਾਂਵਾਲਾ ਡੇਰਾ ਬੀੜ ਦੇ ਮੁੱਖ ਸੇਵਾਦਾਰ ਸੰਤ ਮਲਕੀਤ ਦਾਸ ਨੇ 8 ਨਵੰਬਰ 2022 ਨੂੰ ਜਦ ਫੋਨ ਕਰਕੇ ਬੁਲਾਇਆ ਤਾਂ ਸ਼ਾਮ ਵੇਲੇ ਜਦ ਉਹ ਸਿੱਖਾਂਵਾਲਾ ਡੇਰੇ ਪੁੱਜਾ ਤਾਂ ਉੱਥੇ ਐੱਸ. ਪੀ. ਗਗਨੇਸ਼ ਕੁਮਾਰ ਅਤੇ ਡੀ. ਐੱਸ. ਪੀ ਸ਼ੁਸ਼ੀਲ ਕੁਮਾਰ ਨੇ ਉਸ ਨੂੰ ਸੰਤ ਜਰਨੈਲ ਦਾਸ ਕਪੂਰੇ ਵਾਲੇ ਵੱਲੋਂ ਉਕਤ ਕੇਸ ਵਿੱਚੋਂ ਪੈਸੇ ਦੇ ਕੇ ਨਿਕਲਣ ਦਾ ਹਵਾਲਾ ਦਿੰਦਿਆਂ ਸੰਤ ਜਰਨੈਲ ਦਾਸ ਕਪੂਰੇ ਵਾਲੇ ਨੂੰ ਮੁੜ ਕੇਸ ਵਿੱਚ ਪਾ ਕੇ ਗ੍ਰਿਫ਼ਤਾਰ ਕਰਵਾਉਣ ਲਈ ਉਸ ਕੋਲੋਂ 50 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।

ਬਿਆਨਕਰਤਾ ਨੇ ਕਿਹਾ ਕਿ ਉਕਤ ਪੁਲਸ ਮੁਲਾਜ਼ਮਾਂ ਵੱਲੋਂ ਰਿਸ਼ਵਤ ਮੰਗਣ ਦੀ ਸ਼ੁਰੂਆਤ 50 ਲੱਖ ਤੋਂ ਕੀਤੀ ਗਈ ਸੀ। ਇਸ ਉਪਰੰਤ ਇਹ ਸੌਦਾ 35 ਲੱਖ ’ਤੇ ਆ ਜਾਣ ਦੀ ਸੂਰਤ ਵਿੱਚ 20 ਲੱਖ ਪਹਿਲਾਂ ਅਤੇ 15 ਲੱਖ ਬਾਅਦ ਵਿੱਚ ਦੇਣ ਦੀ ਡੀਲ ਹੋਈ ਸੀ। ਫਿਰ ਬੀਤੀ 9 ਸਤੰਬਰ 2022 ਨੂੰ ਜਦੋਂ ਬਾਬਾ ਗਗਨ ਦਾਸ (ਬਿਆਨ ਕਰਤਾ) ਡੇਰੇ ਵਿੱਚ ਇਕੱਲਾ ਸੀ ਤਾਂ ਐੱਸ.ਪੀ ਗਗਨੇਸ਼ ਕੁਮਾਰ ਨੇ ਉਸਤੋਂ 15 ਲੱਖ ਰੁਪਏ ਕੈਸ਼ ਲੈ ਗਏ ਅਤੇ ਇਸ ਨਾਲ ਡੀ. ਐੱਸ. ਪੀ. ਸੁਸ਼ੀਲ ਕੁਮਾਰ ਅਤੇ ਤੀਸਰਾ ਪ੍ਰਾਈਵੇਟ ਵਿਅਕਤੀ ਜੋ ਠੇਕੇਦਾਰੀ ਕਰਦਾ ਹੈ, ਵੀ ਮੌਜੂਦ ਸੀ।

ਬਿਆਨਕਰਤਾ ਅਨੁਸਾਰ ਇਸ ਰਕਮ ਵਿੱਚੋਂ 5 ਲੱਖ ਰੁਪਏ ਉਸਨੇ ਆਪਣੇ ਕੋਲੋਂ ਜਦਕਿ 10 ਲੱਖ ਰੁਪਏ ਉਸਨੇ ਕੋਟਕਪੂਰਾ ਦੇ ਆੜ੍ਹਤੀਏ ਮੇਲਾ ਰਾਮ, ਜਿਸਦੀ ਆੜ੍ਹਤ ’ਤੇ ਡੇਰੇ ਦੀ 100 ਏਕੜ ਜ਼ਮੀਨ ਦੀ ਉਪਜ ਜਾਂਦੀ ਹੈ, ਪਾਸੋਂ ਲਏ ਸਨ। ਫਿਰ 11 ਨਵੰਬਰ 2022 ਨੂੰ ਐੱਸ. ਪੀ. ਗਗਨੇਸ਼ ਕੁਮਾਰ ਨੇ ਇਕੱਲੇ ਆਉਣ ਦੀ ਸੂਰਤ ਉਸ ਕੋਲੋਂ ਡੇਰੇ ਜਾ ਕੇ 5 ਲੱਖ ਰੁਪਏ ਹੋਰ ਲੈ ਲਏ। ਬਿਆਨਕਰਤਾ ਨੇ ਦੱਸਿਆ ਕਿ ਕਤਲ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੇ ਅਜੇ ਆਪਣੀ ਰਿਪੋਰਟ ਨਹੀਂ ਦਿੱਤੀ ਸੀ ਕਿ ਦੂਸਰੀ ਨਵੀਂ ਸਿਟ ਮਨਜੀਤ ਸਿੰਘ ਐੱਸ. ਪੀ.  ਹੈੱਡ ਕੁਆਟਰ ਮੋਗਾ, ਜਸਜੋਤ ਸਿੰਘ ਡੀ. ਐੱਸ. ਪੀ. ਬਾਘਾਪੁਰਾਣਾ, ਇੰਸ ਅੰਮ੍ਰਿਤਪਾਲ ਸਿੰਘ ਐੱਸ. ਐੱਚ. ਓ. ਕੋਟਕਪੂਰਾ ਅਤੇ ਐੱਸ. ਆਈ.  ਬਲਦੇਵ ਸਿੰਘ ਸਪੈਸ਼ਲ ਸੈੱਲ ਫ਼ਰੀਦਕੋਟ ਰੇਂਜ ਨੂੰ ਸ਼ਾਮਲ ਕਰਕੇ ਬਣਾ ਦਿੱਤੀ ਗਈ।

ਇਹ ਵੀ ਪੜ੍ਹੋ- ਮਾਲਵੇ ਦੀ ਸਿਆਸਤ ’ਤੇ ਧਰੂ ਤਾਰਾ ਬਣ ਚਮਕਣਗੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਇਹ ਦੂਸਰੀ ਸਿਟ ਵੀ ਸੰਤ ਜਰਨੈਲ ਦਾਸ ਕਪੂਰੇ ਦੇ ਕਾਫ਼ੀ ਅਸਰ ਰਸੂਖ ਵਿੱਚ ਹੋਣ ਕਾਰਣ ਦਬਾਅ ਵਿੱਚ ਕੰਮ ਕਰ ਰਹੀ ਸੀ, ਜੋ ਬਿਆਨ ਕਰਤਾ ਨੂੰ ਸੰਤ ਜਰਨੈਲ ਦਾਸ ਨਾਲ ਰਾਜੀਨਾਮਾ ਕਰਨ ਲਈ ਦਬਾਅ ਪਾ ਰਹੀ ਸੀ। ਇਸ ਉਪਰੰਤ ਡੇਰੇ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਰਿਟ ਪਟੀਸ਼ਨ ਪਾ ਦਿੱਤੀ ਗਈ ਅਤੇ ਬਿਆਨਕਰਤਾ ਨੇ ਡੀ. ਆਈ. ਜੀ.  ਦੇ ਸਨਮੁਖ ਹੋ ਕੇ ਉਕਤ ਸਾਰੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਅਤੇ ਇੱਕ ਬਿਆਨ ਹਲਫੀਆ ਵੀ ਇਸ ਸਬੰਧੀ ਦੇ ਦਿੱਤਾ, ਜਿਸ’ਤੇ ਉਨ੍ਹਾਂ ਵੱਲੋਂ ਇਸਦੀ ਤਫਤੀਸ਼ ਲਈ ਡੀ. ਆਈ. ਜੀ.  ਫਿਰੋਜ਼ਪੁਰ ਰੇਂਜ ਰਾਜਪਾਲ ਸਿੰਘ ਸੰਧੂ, ਐੱਸ. ਐੱਸ. ਪੀ. ਫਰੀਦਕੋਟ ਅਤੇ ਜਗੀਰ ਸਿੰਘ ਡੀ. ਐੱਸ. ਪੀ.  ਸਪੈਸ਼ਲ ਕਰਾਈਮ ਦੀ ਸਿਟ ਬਣਾ ਦਿੱਤੀ। ਇਸਤੋਂ ਬਾਅਦ ਬਿਆਨਕਰਤਾ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਤਸੱਲੀ ਪ੍ਰਗਟਾਉਣ ’ਤੇ ਹਾਈਕੋਰਟ ਦਾਖ਼ਲ ਕੀਤੀ ਰਿਟ ਬੰਦ ਕਰ ਦਿੱਤੀ ਗਈ। ਹੁਣ ਪੁਲਸ ਨੇ 1 ਜੂਨ 2023 ਨੂੰ ਜਾਰੀ ਕੀਤੇ ਪੱਤਰ ਦੇ ਆਧਾਰ 'ਤੇ ਕਾਰਵਾਈ ਕਰਦਿਆਂ 5 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਾਰਵਾਈ ਜਾਰੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News