ਅੰਮ੍ਰਿਤਸਰ ਤੋਂ ਵੱਡੀ ਖ਼ਬਰ, 26 ਲੋਕਾਂ ਨੂੰ ਸੱਪ ਨੇ ਡੰਗਿਆ
Thursday, Sep 11, 2025 - 02:31 PM (IST)

ਅੰਮ੍ਰਿਤਸਰ (ਦਲਜੀਤ)- ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ’ਚੋਂ ਸੱਪ ਦੇ ਕੱਟਣ ਦੇ 26 ਮਾਮਲੇ ਹੁਣ ਤੱਕ ਸਾਹਮਣੇ ਆਏ ਹਨ, ਜਦਕਿ 1 ਨੌਜਵਾਨ ਦੀ ਸੱਪ ਦੇ ਡੰਗ ਨਾਲ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ 2 ਮਰੀਜ਼ਾਂ ਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮੈਡੀਕਲ ਕਾਲਜ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਮਿਲ ਕੇ ਲੋਕਾਂ ਨੂੰ ਸੱਪ ਦੇ ਡੰਗ ਤੋਂ ਬਚਾਉਣ ਲਈ ਪ੍ਰਭਾਵਿਤ ਖੇਤਰ ਦੇ ਸਰਕਾਰੀ ਹਸਪਤਾਲਾਂ ’ਚ 400 ਵੈਕਸੀਨੇਸ਼ਨ ਭੇਜੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੇ ਤਬਾਦਲੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਮੌਕੇ ਦੇ ਹਾਲਾਤ ਵੇਖਦੇ ਹੋਏ ਅਜਨਾਲਾ ’ਚ ਦਵਾਈਆਂ ਪਹੁੰਚਾਉਣ ਦੀ ਹਦਾਇਤ ਕੀਤੀ ਗਈ ਸੀ, ਜਿਸ ਦੇ ਮੱਦੇਨਜ਼ਰ ਮੈਡੀਕਲ ਕਾਲਜ ਵਲੋਂ ਸਬ-ਡਵੀਜਨਲ ਹਸਪਤਾਲ ਅਜਨਾਲਾ ਵਿਖੇ 400 ਐਂਟੀ ਸਨੇਕ ਦਵਾਈਆਂ ਦੀ ਡੋਜ਼ ਭੇਜੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੱਪ ਦੇ ਡੰਗ ਮਾਰਨ ’ਤੇ ਘਬਰਾਉਣ ਦੀ ਜ਼ਰੂਰਤ ਨਹੀਂ, ਸੱਪ ਕੱਟਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਪਹੁੰਚੋ। ਸਮੇਂ ਸਿਰ ਇਲਾਜ ਸ਼ੁਰੂ ਕਰ ਕੇ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਨੇਪਾਲ 'ਚ ਫਸੇ 92 ਪੰਜਾਬੀ, ਜਨਕਪੁਰ ਗਿਆ ਸੀ ਜਥਾ
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਸੱਪ ਦੇ ਡੰਗੇ ਜਾਣ ਦੇ ਇਲਾਜ ਲਈ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਦਵਾਈ ਉਪਲੱਬਧ ਹੈ, ਜਿਥੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬਣਾਏ ਗਏ ਸਾਰੇ ਮੈਡੀਕਲ ਕੈਂਪਾਂ ’ਚ ਐਂਟੀ ਸਨੇਕ ਡੋਜ਼ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਪ ਦੇ ਡੰਗੇ ਜਾਣ ਤੋਂ ਬਾਅਦ ਅਖੌਤੀ ਤਾਂਤਰਿਕਾਂ/ਬਾਬਿਆਂ ਜਾਂ ਝੋਲਾਛਾਪ ਡਾਕਟਰਾਂ ਕੋਲ ਜਾਣ ਦੀ ਬਜਾਏ ਹਸਪਤਾਲ ਜਾਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਅਖੌਤੀ ਤਾਂਤਰਿਕਾਂ/ਬਾਬਿਆਂ/ਸਾਧਾਂ ਕੋਲ ਸੱਪ ਦੇ ਡੰਗ ਤੋਂ ਬਚਾਅ ਲਈ ਕੋਈ ਡਾਕਟਰੀ ਇਲਾਜ ਨਹੀਂ ਹੁੰਦਾ ਸਗੋਂ ਉਹ ਕਈ ਵਾਰ ਮਰੀਜ਼ ਦੀ ਹਾਲਤ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ।
ਇਹ ਵੀ ਪੜ੍ਹੋ- ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ, ਕੀਤਾ ਵੱਡਾ ਐਲਾਨ
ਸੱਪ ਦੇ ਡੰਗ ਦੇ ਲੱਛਣ
ਡੰਗ ਵਾਲੀ ਥਾਂ ’ਤੇ ਦਰਦ, ਸੋਜਿਸ਼, ਜ਼ਖ਼ਮ, ਖ਼ੂਨ, ਸਾਹ ਲੈਣ ’ਚ ਤਕਲੀਫ਼, ਨਿਗਲਣ ਅਤੇ ਬੋਲਣ ’ਚ ਤਕਲੀਫ਼, ਗਰਦਨ ਦੇ ਪੱਠਿਆਂ ’ਚ ਕਮਜ਼ੋਰੀ, ਸਿਰ ਚੁੱਕਣ ’ਚ ਮੁਸ਼ਕਲ, ਕੰਨਾਂ, ਨੱਕ, ਗਲ ਜਾਂ ਹੋਰ ਕਿਸੇ ਥਾਂ ਤੋਂ ਖ਼ੂਨ ਵਗਣਾ ਆਦਿ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8