ਵੱਡੀ ਲਾਪਰਵਾਹੀ : ਸ਼ਹੀਦ ਭਗਤ ਸਿੰਘ ਦੇ ਬੁੱਤ ਵਿਚ ਕੀਤੀ ਗਈ ਇਹ ਗਲਤੀ
Wednesday, Mar 24, 2021 - 12:10 AM (IST)
ਜਲੰਧਰ (ਖੁਰਾਣਾ)–ਕਿਸੇ ਵੀ ਦੇਸ਼ ਦਾ ਸ਼ਹੀਦ ਉਸ ਦੇਸ਼ ਦੀ ਪੂੰਜੀ ਅਤੇ ਪ੍ਰੇਰਣਾ ਸਰੋਤ ਹੁੰਦੇ ਹਨ ਅਤੇ ਭਗਤ ਸਿੰਘ ਵਰਗੇ ਸੂਰਵੀਰਾਂ ਨੇ ਤਾਂ ਫਾਂਸੀ ਦਾ ਰੱਸਾ ਹੱਸਦੇ ਹੋਏ ਚੁੰਮ ਕੇ ਭਾਰਤ ਨੂੰ ਆਜ਼ਾਦੀ ਦਿਵਾਈ। ਇਸ ਲਈ ਅਜਿਹੇ ਸ਼ਹੀਦਾਂ ਦਾ ਕਰਜ਼ਾ ਦੇਸ਼ਵਾਸੀ ਕਦੇ ਵੀ ਨਹੀਂ ਚੁਕਾ ਸਕਣਗੇ। ਅਜਿਹੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੇ ਬੁੱਤ ਥਾਂ-ਥਾਂ ਲਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਪ੍ਰੇਰਣਾ ਲੈਂਦੀਆਂ ਰਹਿਣ ਪਰ ਜੇਕਰ ਬੁੱਤ ਲਾਉਣ ਦੇ ਮਾਮਲਿਆਂ ਵਿਚ ਵੀ ਸਰਕਾਰੀ ਤੌਰ ’ਤੇ ਲਾਪ੍ਰਵਾਹੀ ਵਰਤੀ ਜਾਵੇ ਤਾਂ ਇਸ ਦੀ ਚਰਚਾ ਸਾਲਾਂ ਤੱਕ ਹੁੰਦੀ ਰਹਿੰਦੀ ਹੈ। ਅਜਿਹੀ ਹੀ ਇਕ ਚਰਚਾ ਅੱਜ ਸ਼ਹਿਰ ਵਿਚ ਉਦੋਂ ਸ਼ੁਰੂ ਹੋਈ, ਜਦੋਂ ਸਥਾਨਕ ਭਗਤ ਸਿੰਘ ਚੌਕ ਵਿਚ ਸ਼ਹੀਦ-ਏ-ਆਜ਼ਮ ਦੇ ਬੁੱਤ ਨੂੰ ਧਿਆਨ ਨਾਲ ਦੇਖਣ ਵਾਲਿਆਂ ਨੇ ਪਾਇਆ ਕਿ ਇਸ ਬੁੱਤ ਦਾ ਖੱਬਾ ਹੱਥ ਉੱਪਰ ਨੂੰ ਉੱਠਿਆ ਹੋਇਆ ਹੈ, ਜਦੋਂ ਕਿ ਦੁਨੀਆ ਭਰ ਵਿਚ ਸ਼ਹੀਦ ਭਗਤ ਸਿੰਘ ਦੇ ਜਿੰਨੇ ਵੀ ਬੁੱਤ ਹਨ, ਉਨ੍ਹਾਂ ਵਿਚ ਸ਼ਹੀਦ-ਏ-ਆਜ਼ਮ ਦਾ ਸੱਜਾ ਹੱਥ ਉੱਪਰ ਹੈ।
ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ
ਹੁਣ ਇਹ ਲਾਪ੍ਰਵਾਹੀ ਕਿਸ ਪੱਧਰ ’ਤੇ ਹੋਈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਇਸ ਦਾ ਨਾ ਤਾਂ ਪਤਾ ਲੱਗੇਗਾ ਅਤੇ ਨਾ ਹੀ ਇਸ ਬਾਰੇ ਪਤਾ ਲਾਉਣ ਦੀ ਕੋਈ ਕੋਸ਼ਿਸ਼ ਹੋਵੇਗੀ ਪਰ ਸ਼ਹੀਦ-ਏ-ਆਜ਼ਮ ਨਾਲ ਪਿਆਰ ਕਰਨ ਵਾਲਿਆਂ ਨੂੰ ਇਹ ਗਲਤੀ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਚੌਕ ਦੇ ਨਵ-ਨਿਰਮਾਣ ਅਤੇ ਉਥੇ ਲਾਏ ਗਏ ਬੁੱਤ ’ਤੇ ਲਗਭਗ 10 ਲੱਖ ਰੁਪਏ ਦੀ ਲਾਗਤ ਆਈ ਦੱਸੀ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਵੀ ਉੱਠ ਰਹੇ ਹਨ ਅਤੇ ਬੁੱਤ ਦੇ ਪੱਥਰ ਦੀ ਕੁਆਲਿਟੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸ਼ੱਕ ਪ੍ਰਗਟਾਏ ਜਾ ਰਹੇ ਹਨ। ਇਸ ਬਾਰੇ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ