ਪੰਜਾਬ 'ਚ ਵੱਡੀ ਵਾਰਦਾਤ ; ਸੈਰ ਕਰਦੇ ਕਾਂਗਰਸੀ ਆਗੂ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

Monday, Nov 03, 2025 - 10:14 AM (IST)

ਪੰਜਾਬ 'ਚ ਵੱਡੀ ਵਾਰਦਾਤ ; ਸੈਰ ਕਰਦੇ ਕਾਂਗਰਸੀ ਆਗੂ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਸੁਲਤਾਨਪੁਰ ਲੋਧੀ (ਧੀਰ)- ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪਿੰਡ ਸ਼ਾਹਜਹਾਨਪੁਰ ਵਿਖੇ ਕੁਝ ਅਣਪਛਾਤੇ ਨਾਕਾਬਪੋਸ਼ ਹਥਿਆਰਬੰਦ ਵਿਅਕਤੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਜਿੰਦਾ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਗਨੀਮਤ ਰਹੀ ਕਿ ਇਸ ਹਮਲੇ 'ਚ ਉਹ ਵਾਲ-ਵਾਲ ਬਚ ਗਏ।

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਪੁੱਤਰ ਮੱਸਾ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਦੀ ਕਰੀਬ ਰਾਤ 8:38 ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਘਰ ਦੇ ਬਾਹਰ ਹੀ ਗਲੀ ’ਚ ਘੁੰਮ ਰਹੇ ਸਨ। ਇਸ ਦੌਰਾਨ 2 ਨਾਕਾਬਪੋਸ਼ ਵਿਅਕਤੀ ਇਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਆਉਂਦੇ ਸਾਰ ਹੀ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਮਸਾਂ ਭੱਜ ਕੇ ਆਪਣੀ ਜਾਨ ਬਚਾਈ।

PunjabKesari

ਉਨ੍ਹਾਂ ਦੱਸਿਆ ਕਿ ਮੌਕੇ ਤੋਂ ਪੁਲਸ ਨੂੰ 6 ਖ਼ਾਲੀ ਰੌਂਦ ਵੀ ਬਰਾਮਦ ਹੋਏ ਹਨ ਅਤੇ ਉਕਤ ਵਿਅਕਤੀਆਂ ਦੀ ਸੀ.ਸੀ.ਟੀ.ਵੀ. ਕੈਮਰੇ ’ਚ ਵੀਡੀਓ ਵੀ ਕੈਦ ਹੋਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕਾਨੂੰਨ ਅਵਸਥਾ ਨੂੰ ਬਹਾਲ ਕੀਤਾ ਜਾਵੇ। ਲਗਾਤਾਰ ਪੰਜਾਬ ਵਿਚ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।

ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ACP ਧੀਰੇਂਦਰ ਵਰਮਾ ਤੇ SHO ਸੋਨਮਦੀਪ ਕੌਰ
ਜਦੋਂ ਇਸ ਘਟਨਾ ਦੀ ਜਾਣਕਾਰੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਮਿਲੀ ਤਾਂ ਮੌਕੇ ’ਤੇ ਸੁਲਤਾਨਪੁਰ ਲੋਧੀ ਦੇ ਏ.ਸੀ.ਪੀ. ਧੀਰੇਂਦਰ ਵਰਮਾ, ਥਾਣਾ ਸੁਲਤਾਨਪੁਰ ਲੋਧੀ ਦੀ ਐੱਸ.ਐੱਚ.ਓ. ਇੰਸਪੈਕਟਰ ਸੋਨਮਦੀਪ ਕੌਰ, ਚੌਕੀ ਇੰਚਾਰਜ ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਡੱਲਾ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੌਕੇ ਤੋਂ 6 ਖਾਲੀ ਰੋਦ ਬਰਾਮਦ ਹੋਏ ਹਨ। ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।

PunjabKesari

ਫੇਸਬੁੱਕ ’ਤੇ ਪੋਸਟ ਪਾ ਕੇ ਗੈਂਗਸਟਰ ਜੱਗਾ ਫੁੱਕੀਵਾਲ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਗੋਲੀਬਾਰੀ ਘਟਨਾ ਬਾਬਤ ਇਕ ਗੈਂਗਸਟਰ ਦੀ ਪੋਸਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਗੈਂਗਸਟਰ ਦੇ ਉੱਤੇ ਫਿਰੌਤੀਆਂ ਦੇ ਨਾਲ-ਨਾਲ ਹੋਰ ਕਈ ਵੱਖ-ਵੱਖ ਮਾਮਲੇ ਅਲੱਗ-ਅਲੱਗ ਥਾਣਿਆਂ ਵਿਚ ਦਰਜ ਹਨ। ਦੱਸ ਦਈਏ ਕਿ ਇਹ ਗੈਂਗਸਟਰ ਇਸੇ ਹੀ ਪਿੰਡ ਦਾ ਵਸਨੀਕ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਵਿਚ ਨਿੱਜੀ ਰੰਜਿਸ਼ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।

PunjabKesari

ਫੇਸਬੁੱਕ ’ਤੇ ਪਾਏ ਗਏ ਸਟੇਟਸ ਵਿਚ ਉਸ ਨੇ ਲਿਖਿਆ, ''ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਸੁਲਤਾਨਪੁਰ ਲੋਧੀ ਵਿਚ (ਕਾਂਗਰਸ ਦੇ ਚੇਅਰਮੈਨ ਹਰਜਿੰਦਰ ਸਿੰਘ) ਦਾ ਨੁਕਸਾਨ ਹੋਇਆ, ਉਸ ਦੀ ਜ਼ਿੰਮੇਵਾਰੀ ਜੱਗਾ ਫੁੱਕੀਵੱਲ ਚੁੱਕਦਾ ਹੈ। ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ, ਇਹ ਕੰਮ ਅਸੀਂ ਕਿਸੇ ਫਿਰੌਤੀ ਦੇ ਚੱਕਰ ਵਿਚ ਨਹੀਂ ਕੀਤਾ। ਅਸੀ ਇਸ ਨੂੰ ਇਸ ਦੀ ਨਵੀਂ ਜੰਮੀ ਧੀ ਕਰਕੇ ਬਕਸ਼ ਦਿੱਤਾ, ਜੇ ਅਸੀ ਇਸ ਦੇ ਘਰ ਜਾ ਸਕਦੇ ਹਾਂ ਤੇ ਅਸੀ ਇਸ ਨੂੰ ਮਾਰ ਵੀ ਸਕਦੇ ਸੀ। ਬਾਕੀ ਇਸ ਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ।'' ਇਸ ਪੋਸਟ ਤੋਂ ਬਾਅਦ ਪੰਜਾਬ ਪੁਲਸ ਨਵੇਂ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਕਰ ਰਹੀ ਹੈ।


author

Harpreet SIngh

Content Editor

Related News