ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ
Tuesday, Jun 07, 2022 - 10:18 PM (IST)
 
            
            ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋਇਆ ਹੈ। ਇਸ ਹਾਈ ਪ੍ਰੋਫਾਈਲ ਕਤਲ ਕਾਂਡ ਦੇ ਤਾਰ ਹੁਣ ਮੁੰਬਈ ਨਾਲ ਜੁੜ ਗਏ ਹਨ। ਪੰਜਾਬ ਪੁਲਸ ਨੇ ਜਿਨ੍ਹਾਂ 8 ਸ਼ੂਟਰਾਂ ਦੀ ਪਹਿਚਾਣ ਕੀਤੀ ਹੈ, ਉਨ੍ਹਾਂ ਵਿਚ ਸੰਤੋਸ਼ ਜਾਧਵ ਅੰਡਰਵਰਲਡ ਦੇ ਖ਼ਤਰਨਾਕ ਬਦਮਾਸ਼ ਗਵਲੀ ਗੈਂਗ ਦਾ ਗੁਰਗਾ ਹੈ। ਉਹ ਪੂਣੇ ਦਾ ਰਹਿਣ ਵਾਲਾ ਹੈ। 29 ਮਈ ਨੂੰ ਮੂਸੇਵਾਲਾ ਨੂੰ ਗੋਲ਼ੀਆਂ ਮਾਰਨ ਵਿਚ ਉਹ ਵੀ ਸ਼ਾਮਲ ਸੀ। ਗੈਂਗਸਟਰ ਗਵਲੀ ਨੂੰ ਇਕ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਮੇਂ ਨਾਗਪੁਰ ਜੇਲ੍ਹ ਵਿਚ ਬੰਦ ਹੈ। ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਗਵਲੀ ਦਾ ਹੀ ਗੁਰਗਾ ਹੈ। ਸਿੱਧੂ ਦੇ ਕਤਲ ਵਿਚ ਸ਼ਾਮਲ 8 ਸ਼ੂਟਰਾਂ ਵਿਚੋਂ ਤਿੰਨ ਪੰਜਾਬ, ਦੋ-ਦੋ ਹਰਿਆਣਾ ਅਤੇ ਮਹਾਰਾਸ਼ਟਰ ਦੇ ਹਨ ਜਦਕਿ ਇਕ ਰਾਜਸਥਾਨ ਤੋਂ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਵਲੀ ਗੈਂਗ ਦੇ ਗੈਂਗਸਟਰ ਸੰਤੋਸ਼ ਜਾਧਵ ਨੂੰ ਖਾਸ ਤੌਰ ’ਤੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਮੁੰਬਈ ਤੋਂ ਪੰਜਾਬ ਬੁਲਾਇਆ ਗਿਆ ਸੀ। ਉਸ ਦੇ ਨਾਲ ਮਹਾਰਾਸ਼ਟਰ ਦਾ ਹੀ ਸੌਰਭ ਮਹਾਕਾਲ ਵੀ ਆਇਆ ਸੀ। ਇਸ ਨਵੇਂ ਖੁਲਾਸਾ ਤੋਂ ਬਾਅਦ ਪੰਜਾਬ ਪੁਲਸ ਨੇ ਮਹਾਰਾਸ਼ਟਰ ਪੁਲਸ ਨਾਲ ਇਨਪੁਟ ਸਾਂਝੀ ਕੀਤੀ ਹੈ ਅਤੇ ਮੁੰਬਈ ਪੁਲਸ ਦਾ ਸਹਿਯੋਗ ਵੀ ਮੰਗਿਆ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਫੈਨ ਬਣ ਕੇ ਆਇਆ ਸੀ ਘਰ
ਜਾਣੋ ਕੌਣ ਹੈ ਗਵਲੀ ?
ਮੁੰਬਈ ਦਾ ਅੰਡਰਵਰਲਡ ਡੌਨ ਅਰੁਣ ਗਵਲੀ ਅਪਰਾਧ ਦੀ ਦੁਨੀਆ ਦਾ ਖਤਰਨਾਕ ਮੁਜ਼ਰਮ ਹੈ ਅਤੇ ਉਸ ਨੂੰ ਇਸ ਅਪਰਾਧ ਦੀ ਕਾਲੀ ਦੁਨੀਆ ਵਿਚ 'ਡੈਡੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗਵਲੀ ਅੰਡਰਵਲਡ ’ਚ 90 ਦੇ ਦਹਾਕੇ ਦਾ ਸੁਪਾਰੀ ਕਿੰਗ ਹੈ ਅਤੇ ਉਹ ਦਾਊਦ ਇਬਰਾਹਿਮ ਦਾ ਜਾਨੀ ਦੁਸ਼ਮਣ ਹੈ। ਮੁੰਬਈ ਦੀ ਦਗੜੀ ਚੌਲ ਤੋਂ ਗਵਲੀ ਦਾ ਗੈਂਗ ਚੱਲਦਾ ਸੀ। ਗਵਲੀ ਦੇ ਗੈਂਗ ’ਚ 800 ਦੇ ਕਰੀਬ ਖ਼ਤਰਨਾਕ ਬਦਮਾਸ਼ ਹਨ। ਦਗੜੀ ਚੌਲ ’ਚ ਗਵਲੀ ਦੇ ਹਥਿਆਰਬੰਦ ਲੋਕ ਹਮੇਸ਼ਾਂ ਤਾਇਨਾਤ ਰਹਿੰਦੇ ਸੀ। ਗਵਲੀ ਦੀ ਇਜਾਜ਼ਤ ਦੇ ਬਗੈਰ ਪੁਲਸ ਵੀ ਦਗੜੀ ਚੌਲ ’ਚ ਨਹੀਂ ਜਾ ਸਕਦੀ ਸੀ। ਗਵਲੀ 2004 ’ਚ ਮੁੰਬਈ ਦੇ ਚਿੰਚਪੋਕਲੀ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡੀ ਖ਼ਬਰ, ਲਾਰੈਂਸ ਬਿਸ਼ਨੋਈ ਨਾਲ ਜੁੜੇ ਸ਼ੂਟਰਾਂ ਦੀ ਹੋਈ ਸ਼ਨਾਖਤ, ਸਾਹਮਣੇ ਆਈਆਂ ਤਸਵੀਰਾਂ
ਸਿੱਧੂ ਦੀ ਰੇਕੀ ਕਰਨ ਵਾਲੇ ਕੇਕੜੇ ਨੇ ਕੀਤੇ ਵੱਡੇ ਖ਼ੁਲਾਸੇ
ਉਧਰ ਸਿੱਧੂ ਮੂਸੇਵਾਲਾ ਦੀ ਰੇਕੀ ਦਾ ਕੰਮ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸੰਦੀਪ ਉਰਫ ਕੇਕੜੇ ਨੂੰ ਦਿੱਤਾ, ਅਤੇ ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਦੀ ਰੇਕੀ ਕੀਤੀ ਜਾ ਰਹੀ ਸੀ। ਕੇਕੜੇ ਨੂੰ ਪੁਲਸ ਨੇ ਸੋਮਵਾਰ ਗ੍ਰਿਫ਼ਤਾਰ ਕੀਤਾ ਸੀ। ਮੁੱਢਲੀ ਪੁੱਛਗਿੱਛ ’ਚ ਕੇਕੜੇ ਤੋਂ ਅਹਿਮ ਖੁਲਾਸੇ ਹੋਏ ਹਨ। ਉਸ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਨਿੱਕੂ ਅਤੇ ਕੇਸ਼ਵ ਨਾਲ ਸੈਲਫੀ ਲੈਣ ਦੇ ਬਹਾਨੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ, ਉੱਥੇ ਉਸ ਨੇ ਥਾਰ ਜੀਪ ਦੀ ਫੋਟੋ ਵੀ ਖਿੱਚੀ ਅਤੇ ਕੇਸ਼ਵ ਅਤੇ ਨਿੱਕੂ ਨੂੰ ਨਾਲ ਲੈ ਕੇ ਇਕ ਮੋਟਰਸਾਈਕਲ ’ਤੇ ਬਿਠਾ ਕੇ ਵਾਪਸ ਲੈ ਗਿਆ ਸੀ। ਕੇਕੜੇ ਨੇ ਦੱਸਿਆ ਕਿ ਉਸ ਨੇ ਹੀ ਸ਼ੂਟਰਾਂ ਨੂੰ ਸਿੱਧੂ ਦੇ ਘਰੋਂ ਨਿਕਲਣ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਿੱਧੂ ਬੁਲਟ ਪਰੂਫ ਗੱਡੀ ਵਿਚ ਨਹੀਂ ਗਿਆ ਅਤੇ ਨਾ ਹੀ ਉਸ ਨਾਲ ਕੋਈ ਗੰਨਮੈਨ ਹੈ, ਉਸ ਨੇ ਥਾਰ ਵਿਚ ਉਸ ਦੇ ਦੋ ਦੋਸਤ ਹੋਣ ਦੀ ਵੀ ਜਾਣਕਾਰੀ ਦਿੱਤੀ। ਕੇਕੜਾ ਆਪਣੇ ਸਾਥੀਆਂ ਨਾਲ ਲਗਭਗ 40 ਤੋਂ 45 ਮਿੰਟ ਸਿੱਧੂ ਦੇ ਘਰ ਦੇ ਆਲੇ ਦੁਆਲੇ ਘੁੰਮਦਾ ਰਿਹਾ। ਕੇਕੜੇ ਨੇ ਹੀ ਮੂਸਾ ਪਿੰਡ ਜਾ ਕੇ ਸਾਰਾ ਘਟਨਾਕ੍ਰਮ ਦੇਖਿਆ ਅਤੇ ਮੂਸੇਵਾਲੇ ਦੇ ਸਕਿਓਰਿਟੀ ਦੇ ਬਿਨਾਂ ਨਿਕਲਣ ਦੀ ਖਬਰ ਪਹੁੰਚਾਈ। ਪੰਜਾਬ ਪੁਲਸ ਨੇ ਕਿਹਾ ਕਿ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਹੀ ਮੂਸੇਵਾਲਾ ਦਾ ਕਤਲ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡੀ ਵਾਰਦਾਤ ਹੋਣ ਦੇ ਆਸਾਰ, ਕੇਂਦਰ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            