ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

Thursday, Jul 13, 2023 - 06:04 PM (IST)

ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

ਚੰਡੀਗੜ੍ਹ (ਅਸ਼ਵਨੀ) : ਅਨੁਸੂਚਿਤ ਜਾਤੀ (ਐੱਸ. ਸੀ.) ਵਰਗ ਨਾਲ ਸਬੰਧਤ ਕਿਸਾਨਾਂ ਦੀ ਆਮਦਨ ਦੇ ਸਰੋਤਾਂ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਡੇਅਰੀ ਫਾਰਮਿੰਗ ਬਾਰੇ ਮੁਫ਼ਤ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਅਨੁਸੂਚਿਤ ਜਾਤੀ ਕਿਸਾਨਾਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇਣ ਤੋਂ ਇਲਾਵਾ ਸਿਖਲਾਈ ਦੌਰਾਨ 350 ਰੁਪਏ ਪ੍ਰਤੀ ਦਿਨ ਵਜ਼ੀਫ਼ਾ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :  ਪੰਜਾਬ 'ਚ ਹੜ੍ਹ ਦਾ ਕਹਿਰ, 8 ਕਿੱਲਿਆਂ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ

ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਦੁਧਾਰੂ ਪਸ਼ੂਆਂ ਦੀ ਖ਼ਰੀਦ ਅਤੇ ਸਾਂਭ-ਸੰਭਾਲ, ਨਸਲ ਸੁਧਾਰ, ਦੁੱਧ ਤੋਂ ਉਤਪਾਦ ਬਣਾਉਣ, ਪਸ਼ੂਆਂ ਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਣ, ਪਸ਼ੂਆਂ ਲਈ ਖੁਰਾਕ ਘਰ ਵਿਚ ਤਿਆਰ ਕਰਨ ਅਤੇ ਸਾਲ ਭਰ ਹਰਾ ਚਾਰਾ ਉਗਾਉਣ ਆਦਿ ਬਾਰੇ ਸਿਖਲਾਈ ਦਿੱਤੀ ਜਾਵੇਗੀ। ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਸਿਖਲਾਈ ਚਤਾਮਲੀ (ਰੂਪਨਗਰ), ਬੀਜਾ (ਲੁਧਿਆਣਾ), ਫਗਵਾੜਾ (ਕਪੂਰਥਲਾ), ਸਰਦੂਲਗੜ੍ਹ (ਮਾਨਸਾ), ਵੇਰਕਾ (ਅੰਮ੍ਰਿਤਸਰ), ਗਿੱਲ (ਮੋਗਾ), ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਤਰਨ ਤਾਰਨ ਅਤੇ ਸੰਗਰੂਰ ਵਿਖੇ ਸਥਿਤ 9 ਸਿਖਲਾਈ ਕੇਂਦਰਾਂ ਵਿਚ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਤਿੰਨ ਬੈਚਾਂ ਵਿਚ ਸਿਖਲਾਈ ਦਿੱਤੀ ਜਾਵੇਗੀ। ਪਹਿਲੇ ਬੈਚ ਤਹਿਤ ਸਿਖਲਾਈ 24 ਜੁਲਾਈ ਤੋਂ 4 ਅਗਸਤ, 2023 ਤੱਕ ਹੋਵੇਗੀ ਅਤੇ ਇਸ ਸਬੰਧੀ ਕੌਂਸਲਿੰਗ 17 ਜੁਲਾਈ ਨੂੰ ਹੋਵੇਗੀ। ਦੂਜਾ ਬੈਚ 25 ਸਤੰਬਰ ਤੋਂ 6 ਅਕਤੂਬਰ, 2023 ਤੱਕ ਹੋਵੇਗਾ ਅਤੇ ਕੌਂਸਲਿੰਗ 18 ਸਤੰਬਰ ਨੂੰ ਹੋਵੇਗੀ। ਤੀਜਾ ਬੈਚ 28 ਨਵੰਬਰ ਤੋਂ 8 ਦਸੰਬਰ, 2023 ਤੱਕ ਹੋਵੇਗਾ ਅਤੇ ਇਸ ਲਈ ਕੌਂਸਲਿੰਗ 20 ਨਵੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : ਪਿੰਡ ਰਣਸੀਂਹ ਖੁਰਦ ਦੀ ਖੁਸ਼ਪ੍ਰੀਤ ਕੌਰ ਨੇ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਮਾਣਮੱਤੀ ਪ੍ਰਾਪਤੀ

ਇਸ ਸਿਖਲਾਈ ਪ੍ਰੋਗਰਾਮ ਦੀ ਯੋਗਤਾ ਦੇ ਮਾਪਦੰਡਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ 18 ਤੋਂ 50 ਸਾਲ ਤੱਕ ਉਮਰ ਦੇ ਉਮੀਦਵਾਰ (ਪੁਰਸ਼ ਅਤੇ ਵਿਆਹੁਤਾ ਔਰਤ) ਸਿਖਲਾਈ ਲਈ ਅਪਲਾਈ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਦਿਹਾਤੀ ਖੇਤਰਾਂ ਨਾਲ ਸਬੰਧਤ ਹੋਣ ਤੋਂ ਇਲਾਵਾ 5ਵੀਂ ਪਾਸ ਹੋਣਾ ਲਾਜ਼ਮੀ ਹੈ। ਉਨ੍ਹਾਂ ਨੂੰ ਇਕ ਰੋਜ਼ਾ ਐਕਸਪੋਜ਼ਰ ਵਿਜ਼ਿਟ ਅਤੇ ਸਿਖਲਾਈ ਕਿਟ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਯੋਗ ਲਾਭਪਾਤਰੀਆਂ ਨੂੰ ਆਪਣੇ ਨਜ਼ਦੀਕੀ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਦਿਵਿਆਂਗ ਵਿਅਕਤੀਆਂ ਦੀ ਸਰਕਾਰੀ ਵਿਭਾਗਾਂ 'ਚ ਭਰਤੀ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News