ਗੇਟ ਹਕੀਮਾਂ ’ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, ਮਾਲਕ ਸਮੇਤ 6 ਗ੍ਰਿਫ਼ਤਾਰ
Friday, Jul 17, 2026 - 02:54 PM (IST)
ਅੰਮ੍ਰਿਤਸਰ (ਦਲਜੀਤ)- ਸ਼ਹਿਰ ਦੇ ਗੇਟ ਹਕੀਮਾਂ ਇਲਾਕੇ ਦੀਆਂ ਤੰਗ ਗਲੀਆਂ ’ਚ ਚੱਲ ਰਹੇ ਇਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਵੱਡੇ ਪੱਧਰ ’ਤੇ ਪਰਦਾਫਾਸ਼ ਕੀਤਾ ਗਿਆ। ਦੇਰ ਰਾਤ ਕੀਤੀ ਗਈ ਇਸ ਜ਼ਬਰਦਸਤ ਕਾਰਵਾਈ ਦੌਰਾਨ ਕੇਂਦਰ ਦੇ ਮਾਲਕ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਕੇਂਦਰ ’ਚ ਬੰਦ ਕਰ ਕੇ ਰੱਖੇ ਗਏ 43 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਸਰਕਾਰੀ ਨਿਗਰਾਨੀ ਹੇਠ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ 2 ਸੱਥਰ, ਪਰਿਵਾਰ 'ਤੇ ਟੁੱਟਿਆ ਕਹਿਰ
ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਕੇਂਦਰ ਦਾ ਮਾਲਕ ਕੁਲਦੀਪ ਸਿੰਘ ਉਰਫ਼ ਚੌਹਾਨ ਅਤੇ ਕਰਮਚਾਰੀ ਸਿਮਰਨਜੀਤ ਸਿੰਘ, ਜਸ਼ਪਾਲ ਸਿੰਘ, ਅਮਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਕਰਮਜੀਤ ਸਿੰਘ ਉਰਫ਼ ਬੌਬੀ ਸ਼ਾਮਲ ਹਨ। ਪੁਲਸ ਵੱਲੋਂ ਦੱਸਿਆ ਗਿਆ ਕਿ ਮੁਲਜ਼ਮ ਜਸ਼ਪਾਲ ਸਿੰਘ ਅਤੇ ਕਰਮਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲੇ ਦਰਜ ਹਨ, ਜਿਸ ਨਾਲ ਇਸ ਗਿਰੋਹ ਦਾ ਪਿਛੋਕੜ ਵੀ ਸ਼ੱਕੀ ਬਣਦਾ ਹੈ।
ਇਹ ਵੀ ਪੜ੍ਹੋ- ਪੰਜਾਬ: ਕੁੜੀ ਨੇ ਘਰ ਸੱਦ ਮਰਵਾ'ਤਾ ਮੁੰਡਾ ਤੇ ਫਿਰ ਪੈਟਰੋਲ...
ਇਕੋ ਕਮਰੇ ’ਚ ਬੰਦ ਸਨ 40 ਤੋਂ ਵੱਧ ਨੌਜਵਾਨ
ਸੂਤਰਾਂ ਅਨੁਸਾਰ ਸਿਵਲ ਸਰਜਨ ਡਾ. ਰਸ਼ਮੀ ਵਿਜ ਨੂੰ ਇਸ ਨਾਜਾਇਜ਼ ਕੇਂਦਰ ਸਬੰਧੀ ਗੁਪਤ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਤ ਲੱਗਭਗ 9 ਵਜੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ, ਜਿੱਥੇ ਪਹਿਲਾਂ ਹੀ ਪੁਲਸ ਮੌਜੂਦ ਸੀ।
ਇਹ ਵੀ ਪੜ੍ਹੋ- ਪੰਜਾਬ: ਰਿਸ਼ਵਤ ਲੈਂਦਾ ਇੰਸਪੈਕਟਰ ਗ੍ਰਿਫਤਾਰ
ਜਦੋਂ ਟੀਮ ਨੇ ਕੇਂਦਰ ’ਤੇ ਛਾਪਾ ਮਾਰਿਆ ਤਾਂ ਅੰਦਰ ਦੇ ਦ੍ਰਿਸ਼ ਹਿਲਾ ਦੇਣ ਵਾਲੇ ਸਨ। ਲੱਗਭਗ 40 ਤੋਂ ਵੱਧ ਨੌਜਵਾਨਾਂ ਨੂੰ ਇਕ ਹੀ ਕਮਰੇ ’ਚ ਬੰਦ ਕਰ ਕੇ ਰੱਖਿਆ ਗਿਆ ਸੀ। ਕਮਰੇ ’ਚ ਨਾ ਕੋਈ ਢੰਗ ਦੀ ਹਵਾ-ਦਾਰੀ ਸੀ ਅਤੇ ਨਾ ਹੀ ਸਾਫ਼-ਸੁਥਰਾ ਮਾਹੌਲ। ਬਾਥਰੂਮਾਂ ਦੀ ਹਾਲਤ ਬਹੁਤ ਹੀ ਖ਼ਰਾਬ ਸੀ ਅਤੇ ਹਰ ਪਾਸੇ ਗੰਦਗੀ ਦਾ ਅੰਬਾਰ ਲੱਗਿਆ ਹੋਇਆ ਸੀ। ਇਹ ਵੀ ਸਾਹਮਣੇ ਆਇਆ ਕਿ ਮਰੀਜ਼ਾਂ ਨੂੰ ਬਿਨਾਂ ਕਿਸੇ ਮੈਡੀਕਲ ਨਿਗਰਾਨੀ ਦੇ ਇੱਥੇ ਰੱਖਿਆ ਜਾਂਦਾ ਸੀ, ਜੋ ਉਨ੍ਹਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਸੀ।
ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਜਾਂਚ ਕਰਨ ’ਤੇ ਇਹ ਸਪੱਸ਼ਟ ਹੋ ਗਿਆ ਕਿ ਕੇਂਦਰ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਚੱਲ ਰਿਹਾ ਸੀ ਅਤੇ ਇੱਥੇ ਮੈਡੀਕਲ ਸਹੂਲਤਾਂ ਦਾ ਪੂਰਾ ਅਭਾਵ ਸੀ। ਉਨ੍ਹਾਂ ਕਿਹਾ ਕਿ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਮਰੀਜ਼ਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲਣ ਵਾਲੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਇਆ ਗਿਆ। ਮਰੀਜ਼ਾਂ ਦੀ ਉਮਰ 18 ਸਾਲ ਤੋਂ 50 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਨੇ ਮੌਕੇ ’ਤੇ ਹੀ ਉਨ੍ਹਾਂ ਦੀ ਸ਼ੁਰੂਆਤੀ ਜਾਂਚ ਕੀਤੀ ਅਤੇ ਉਨ੍ਹਾਂ ਦੀ ਸਿਹਤ ਦੀ ਹਾਲਤ ਦਾ ਜਾਇਜ਼ਾ ਲਿਆ।
ਇਸ ਕਾਰਵਾਈ ਦੌਰਾਨ ਮਨੋਰੋਗ ਮਾਹਿਰ ਡਾ. ਪਰਮਪ੍ਰੀਤ ਕੌਰ, ਦੀਪਕ ਕੁਮਾਰ ਸਮੇਤ ਹੋਰ ਸਿਹਤ ਅਧਿਕਾਰੀ ਵੀ ਮੌਜੂਦ ਸਨ। ਪੁਲਸ ਵੱਲੋਂ ਥਾਣਾ ਗੇਟ ਹਕੀਮਾਂ ’ਚ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਹੋਰ ਸਾਥੀਆਂ ਅਤੇ ਇਸ ਤਰ੍ਹਾਂ ਦੇ ਹੋਰ ਗੈਰ-ਕਾਨੂੰਨੀ ਕੇਂਦਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨਾਜਾਇਜ਼ ਨਸ਼ਾ ਛੁਡਾਊ ਕੇਂਦਰਾਂ ’ਤੇ ਸਖ਼ਤ ਨਿਗਰਾਨੀ ਜਾਰੀ : ਸਿਵਲ ਸਰਜਨ
ਸਿਵਲ ਸਰਜਨ ਡਾ. ਰਸ਼ਮੀ ਵਿਜ ਨੇ ਕਿਹਾ ਕਿ ਜ਼ਿਲੇ ’ਚ ਚੱਲ ਰਹੇ ਸਾਰੇ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨਾਂ ਮਨਜ਼ੂਰੀ ਜਾਂ ਮਿਆਰਾਂ ਤੋਂ ਬਿਨਾਂ ਚੱਲ ਰਹੇ ਕੇਂਦਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅਜਿਹੇ ਕੇਂਦਰਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
