ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼

Tuesday, Jan 31, 2023 - 04:55 PM (IST)

ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼

ਚੰਡੀਗੜ੍ਹ/ਫ਼ਤਹਿਗੜ੍ਹ ਸਾਹਿਬ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਫ਼ਤਹਿਗੜ੍ਹ ਸਾਹਿਬ ਪੁਲਸ ਨੇ ਜੇਲ੍ਹ 'ਚੋਂ ਚੱਲ ਰਹੇ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਜਿਸ ਦੌਰਾਨ ਦੋ ਜੇਲ੍ਹ ਕੈਦੀਆਂ ਅਤੇ ਇੱਕ ਸਪਲਾਇਰ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ 'ਚੋਂ 5.31 ਲੱਖ ਫਾਰਮਾ ਓਪੀਓਡਜ਼ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਨੀ ਕੁਮਾਰ ਵਾਸੀ ਲੁਧਿਆਣਾ ਅਤੇ ਰਣਜੀਤ ਸਿੰਘ ਉਰਫ਼ ਰਿੰਕੂ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜਦਕਿ ਈਸ਼ਾਨ ਗੁਪਤਾ ਅਤੇ ਰਵੀ ਕੁਮਾਰ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਡੀ.ਆਈ.ਜੀ. ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਤਿਹਗੜ੍ਹ ਪੁਲਸ ਨੇ 23 ਜਨਵਰੀ 2023 ਨੂੰ ਵਿਸ਼ੇਸ਼ ਨਾਕਾਬੰਦੀ ਦੌਰਾਨ ਸੰਨੀ ਕੁਮਾਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ 19590 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਐੱਸ.ਐੱਸ.ਪੀ. ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਈਸ਼ਾਨ ਗੁਪਤਾ ਅਤੇ ਰਵੀ ਕੁਮਾਰ ਦੇ ਨਿਰਦੇਸ਼ਾਂ 'ਤੇ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ, ਜੋ ਕਿ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਮੋਬਾਈਲ ਫੋਨ ਰਾਹੀਂ ਉਸ ਨਾਲ ਸੰਪਰਕ ਕਰਦੇ ਸਨ। ਇਸ ਸਬੰਧੀ ਲੁਧਿਆਣਾ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਵੱਲੋਂ ਕੀਤੇ ਖੁਲਾਸੇ ਉਪਰੰਤ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਪੁਲਿਸ ਨੇ ਉਹਨਾ ਕੋਲੋਂ ਇੱਕ ਸੈਮਸੰਗ ਗੁਰੂ ਮੋਬਾਈਲ ਫੋਨ ਵੀ ਬਰਾਮਦ ਕੀਤਾ, ਜਿਸ ਦੀ ਵਰਤੋਂ ਉਹ ਜੇਲ੍ਹ ਵਿੱਚ ਕਰ ਰਹੇ ਸਨ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਨਿਕਲੇ ਫੋਕੇ : ਨਿਮਿਸ਼ਾ ਮਹਿਤਾ

ਡੀ.ਆਈ.ਜੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਰਣਜੀਤ ਰਿੰਕੂ ਰਾਹੀਂ ਸਨੀ ਨੂੰ ਫਾਰਮਾ ਡਰੱਗ ਸਪਲਾਈ ਕਰਵਾਈ ਸੀ ਅਤੇ ਪੁਲਸ ਵੱਲੋਂ ਸ਼ਨੀਵਾਰ ਨੂੰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਰਣਜੀਤ ਰਿੰਕੂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਪੁਲਸ ਟੀਮਾਂ ਨੇ ਲੁਧਿਆਣਾ ਵਿੱਚ ਉਸ ਵੱਲੋਂ ਦੱਸੀਆਂ ਥਾਵਾਂ ਤੋਂ ਲੋਮੋਟਿਲ ਦੀਆਂ 3.60 ਲੱਖ ਗੋਲੀਆਂ ਅਤੇ ਟਰਾਮਾਡੋਲ ਦੀਆਂ 1.51 ਲੱਖ ਗੋਲੀਆਂ ਬਰਾਮਦ ਕੀਤੀਆਂ। ਐੱਸ.ਐੱਸ.ਪੀ. ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮ ਰਣਜੀਤ ਰਿੰਕੂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਮੁੱਖ ਸਪਲਾਇਰ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਐੱਫ.ਆਈ.ਆਰ. ਨੰ. 15 ਮਿਤੀ 23.1.2023 ਨੂੰ ਥਾਣਾ ਗੋਬਿੰਦਗੜ੍ਹ, ਫ਼ਤਿਹਗੜ੍ਹ ਸਾਹਿਬ ਵਿਖੇ ਐੱਨ.ਡੀ.ਪੀ.ਐਸ ਐਕਟ ਦੀ ਧਾਰਾ 22ਸੀ ਅਤੇ 29 ਅਧੀਨ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਫ਼ਤਿਹਗੜ੍ਹ ਸਾਹਿਬ ਪੁਲਸ ਵੱਲੋਂ ਇਹ ਕਾਰਵਾਈ ਪੰਜਾਬ ’ਚ ਫਾਰਮਾਸਿਊਟੀਕਲ ਓਪੀਓਡਜ਼ ਦੀ ਸਪਲਾਈ ਚੇਨ ਅਤੇ ਗਠਜੋੜ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਕੀਤੀਆਂ ਲਗਾਤਾਰ ਕਾਰਵਾਈਆਂ ਦਾ ਹਿੱਸਾ ਹੈ।

ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਨਾਲ ਖਿੱਤੇ ’ਚ ਫਿਰਕੂ ਕੁੜੱਤਣ ਪੈਦਾ ਹੋ ਰਹੀ ਹੈ : ਹਰਸਿਮਰਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News