ਹਾਦਸੇ ਨੇ ਖੋਹ ਲਿਆ ਭੈਣਾਂ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ, ਇਕ ਹਫ਼ਤੇ ਬਾਅਦ ਜਾਣਾ ਸੀ ਕੈਨੇਡਾ
Thursday, Feb 08, 2024 - 05:19 AM (IST)
ਸਹਿਣਾ (ਧਰਮਿੰਦਰ ਸਿੰਘ ਧਾਲੀਵਾਲ)- ਬਰਨਾਲਾ-ਮੋਗਾ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ੇ ਦੀ ਲਾਪਰਵਾਹੀ ਕਾਰਨ ਲਗਾਤਾਰ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਸੜਕੀ ਹਾਦਸਾ ਬੀਤੀ ਰਾਤ 11 ਵਜੇ ਦੇ ਕਰੀਬ ਵਾਪਰਿਆ। ਇਸ ਮੌਕੇ ਪੀੜਤ ਪਰਿਵਾਰਿਕ ਮੈਂਬਰਾਂ ਮ੍ਰਿਤਕ ਦਾ ਚਾਚਾ ਗੁਰਤੇਜ ਸਿੰਘ, ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਬਰਾੜ ਬੀਜੇਪੀ ਪਾਰਟੀ ਬਠਿੰਡਾ,ਕੌਂਸਲਰ ਜਗਮੋਹਨ ਸਿੰਘ ਅਤੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਭਗਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਸਾਲ ਦੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ, ਪਿੰਡ ਭਗਤਾ ਕੋਠੇ ਭਾਈਆਣਾ (ਬਠਿੰਡਾ) ਆਪਣੇ ਦੋਸਤ 20 ਸਾਲਾ ਜਗਸੀਰ ਸਿੰਘ ਪੁੱਤਰ ਹਰਬੰਸ ਸਿੰਘ, ਪਿੰਡ ਢਪਾਲੀ (ਬਠਿੰਡਾ) ਨਾਲ ਆਪਣੀ ਮਰੂਤੀ ਕਾਰ ਰਾਹੀਂ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਵਾਪਸ ਬਰਨਾਲਾ ਸਾਈਡ ਵੱਲ ਜਾ ਰਹੇ ਸਨ।
ਜਦ ਉਹ ਪਿੰਡ ਬਖਤਗੜ੍ਹ-ਮੱਲੀਆਂ ਟੋਲ ਪਲਾਜੇ ਕੋਲ ਪਹੁੰਚੇ ਤਾਂ ਕੋਈ ਵੀ ਬਿਜਲੀ ਲਾਈਟਾਂ ਦਾ ਨਾ ਹੀ ਕੋਈ ਦਿਸ਼ਾ ਸਾਈਨ ਬੋਰਡਾਂ ਦਾ ਪ੍ਰਬੰਧ ਨਾ ਹੋਣ ਕਾਰਨ ਟੋਲ ਪਲਾਜੇ ਤੇ ਖਿੱਚੀਆਂ ਪੱਥਰ ਦੀਆਂ ਕੰਧਾਂ ਵਿੱਚ ਉਨ੍ਹਾਂ ਦੀ ਮਰੁਤੀ ਕਾਰ ਜਾ ਵੱਜੀ। ਇਸ ਭਿਆਨਕ ਸੜਕੀ ਹਾਦਸੇ ਵਿੱਚ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦਾ ਦੋਸਤ ਜਗਸੀਰ ਸਿੰਘ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ
21 ਸਾਲਾ ਮ੍ਰਿਤਕ ਅੰਮ੍ਰਿਤਪਾਲ ਸਿੰਘ ਆਪਣੀਆਂ ਦੋ ਭੈਣਾਂ ਅਤੇ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ, ਜਿਸ ਨੇ 15 ਫਰਵਰੀ ਨੂੰ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨ ਲਈ ਕੈਨੇਡਾ ਜਾਣਾ ਸੀ। ਪਰ ਕੀ ਪਤਾ ਸੀ ਕਿ ਹਾਦਸੇ ਵਿੱਚ ਉਸ ਦੀ ਮੌਤ ਉਸ ਨੂੰ ਗਲ਼ੇ ਲਗਾ ਲਵੇਗੀ। ਇਸ ਮੌਕੇ ਪੀੜਿਤ ਪਰਿਵਾਰਿਕ ਮੈਂਬਰਾਂ ਅਤੇ ਨੇੜਲੇ ਪਿੰਡਾਂ ਦੇ ਸਰਪੰਚ ਤਰਨਜੀਤ ਸਿੰਘ ਦੁੱਗਲ ਬਖਤਗੜ੍ਹ, ਸਰਪੰਚ ਹਰਸ਼ਰਨ ਸਿੰਘ ਟੱਲੇਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਸ਼੍ਰੋਮਣੀ ਅਕਾਲੀ ਦਲ ਮਹਿਲਕਲਾਂ ਨੇ ਟੋਲ ਪਲਾਜਾ ਦੇ ਸਬੰਧਿਤ ਜਿੰਮੇਦਾਰ ਅਧਿਕਾਰੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਗੈਰ-ਕਾਨੂੰਨੀ ਢੰਗ ਨਾਲ ਲਾਇਆ ਜਾ ਰਿਹਾ ਹੈ। ਟੋਲ ਪਲਾਜ਼ੇ ਕਾਰਨ ਪਹਿਲਾਂ ਵੀ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਲੱਖਾਂ ਰੁਪਏ ਦੇ ਵਾਹਨ ਨੁਕਸਾਨੇ ਜਾ ਚੁੱਕੇ ਹਨ, ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਵੀ ਸਾਰ ਨਹੀਂ ਲਈ। ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਕਿਸਾਨ ਜਥੇਬੰਦੀ ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਦਾਰੀ ਟੋਲ ਪਲਾਜ਼ਾ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ- ਕਾਰਾਂ ਦੀ ਰੇਸ ਲਗਾ ਰਹੇ ਅਮੀਰਜ਼ਾਦਿਆਂ ਦੀ ਖੇਡ ਨੇ ਲਈ ਬੇਕਸੂਰ ਦੀ ਜਾਨ, 4 ਹੋਰ ਨੂੰ ਪਹੁੰਚਾਇਆ ਹਸਪਤਾਲ
ਇਸ ਟੋਲ ਪਲਾਜੇ ਮਾਮਲੇ ਨੂੰ ਲੈ ਕੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਟੋਲ ਪਲਾਜ਼ੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦੀਆਂ ਐਲਾਨ ਕੀਤਾ ਕਿ 12 ਫਰਵਰੀ ਨੂੰ ਪੱਕੇ ਤੌਰ ਤੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇ 'ਤੇ ਪਿੰਡ ਮੱਲੀਆਂ ਤੇ ਬਖ਼ਤਗੜ੍ਹ ਕੋਲੇ ਟੋਲ ਪਲਾਜ਼ੇ 'ਤੇ ਪੱਕਾ ਰੋਸ ਧਰਨਾ ਲਗਾਇਆ ਜਾਵੇਗਾ। ਇਸ ਮਾਮਲੇ ਸੰਬੰਧੀ ਪੁਲਸ ਚੌਂਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਦੂਜਾ ਨੌਜਵਾਨ ਜ਼ਖਮੀ ਹੈ।
ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਗਈ ਹੈ, ਜਿਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਦੇ ਦਿੱਤੀ ਜਾਵੇਗੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੀੜਤ ਪਰਿਵਾਰਿਕ ਮੈਂਬਰਾਂ, ਸਰਪੰਚ ਹਰਸ਼ਰਨ ਸਿੰਘ ਪਿੰਡ ਟੱਲੇਵਾਲ, ਸਰਪੰਚ ਤਰਨਜੀਤ ਸਿੰਘ ਦੁੱਗਲ ਪਿੰਡ ਬਖਤਗੜ੍ਹ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਡਾਕਟ੍ਰੇਟ ਕਰ ਰਹੇ ਭਾਰਤੀ ਵਿਦਿਆਰਥੀ ਦੀ ਭੇਤ ਭਰੀ ਹਾਲਤ 'ਚ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e