SGPC ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਕਹਿ ਦਿੱਤੀ ਵੱਡੀ ਗੱਲ
Tuesday, Oct 25, 2022 - 05:33 PM (IST)
ਭੁਲੱਥ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਇਸ ਵਾਰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਲਿਫ਼ਾਫੇ 'ਚੋਂ ਨਹੀਂ ਨਿਕਲਣਾ ਚਾਹੀਦਾ, ਸਗੋਂ ਮੈਂਬਰਾਂ ਨੂੰ ਚੋਣ ਲੜਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪ ਵੀ ਚੋਣ ਲੜਣ ਲਈ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ - ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਦਿੱਤਾ ਸੰਦੇਸ਼, ‘ਬੰਦੀ ਸਿੰਘਾਂ ਦੀ ਰਿਹਾਈ ਲਈ ਰਲ-ਮਿਲ ਕੇ ਹੰਭਲਾ ਮਾਰੀਏ’
ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕਾਂ 'ਚ ਚਰਚਾ ਹੈ ਕਿ ਅਖੀਰਲੇ ਮੌਕੇ 'ਤੇ ਆ ਕੇ ਲਿਫ਼ਾਫ਼ੇ 'ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਇਸ ਚਰਚਾ ਨੂੰ ਖ਼ਤਮ ਕਰਨ ਲਈ ਉਹ ਮੈਂਬਰਾਂ ਨੂੰ ਚੋਣ ਲੜਣ ਦਾ ਸੱਦਾ ਦੇਣ ਅਤੇ ਹਾਊਸ ਦੇ ਮੈਂਬਰ ਜਿਸ ਨੂੰ ਚਾਹੁਣ ਪ੍ਰਧਾਨ ਚੁਣ ਲੈਣ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ ਵਿਚ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਹਨ, ਕੋਈ ਪੰਥ ਵਿਰੋਧੀ ਜਾਂ ਦੂਜੀਆਂ ਪਾਰਟੀਆਂ ਦਾ ਨਹੀਂ ਹੈ। ਇਸ ਲਈ ਹਾਊਸ ਦੇ ਮੈਂਬਰ ਜਿਸ ਨੂੰ ਚਾਹੁਣ ਪ੍ਰਧਾਨ ਬਣਾ ਲੈਣ। ਇਸ ਨਾਲ ਲੋਕਾਂ ਦੀ ਇਹ ਧਾਰਨਾ ਖ਼ਤਮ ਹੋ ਜਾਵੇਗੀ ਕਿ ਇੱਥੇ ਲੋਕਤੰਤਰ ਨਹੀਂ ਹੈ ਅਤੇ ਲਿਫ਼ਾਫ਼ੇ 'ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਵੀ ਚੋਣਾਂ ਰਾਹੀਂ ਹੀ ਉਮੀਦਵਾਰਾਂ 'ਚੋਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ, ਪਰ ਮੌਕੇ 'ਤੇ ਨਾਂ ਕੱਢੇ ਜਾਣ ਕਾਰਨ ਮੈਂਬਰਾਂ ਨੂੰ ਆਪਸ 'ਚ ਸਲਾਹ-ਮਸ਼ਵਰਾ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਲਈ ਇਸ ਵਾਰ ਮੈਂਬਰਾਂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਪ੍ਰਧਾਨਗੀ ਲਈ ਚੋਣ ਲੜਣਾ ਚਾਹੁੰਦੇ ਹਨ, ਉਹ ਅੱਗੇ ਆਉਣ।
ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਖ਼ਮਿਆਜ਼ਾ ਭੁਗਤ ਰਹੇ ਹਾਂ - ਬੀਬੀ ਜਗੀਰ ਕੌਰ
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਮੰਨਿਆ ਕਿ ਰਾਮ ਰਹੀਮ ਨੂੰ ਮੁਆਫ਼ ਕਰਨ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਧੱਕਾ ਲੱਗਿਆ। ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਨੁਕਸਾਨ ਹੋਇਆ। ਇਸ ਨਾਲ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਇਸ ਦਾ ਖ਼ਮਿਆਜ਼ਾ ਹੀ ਅੱਜ ਅਸੀਂ ਭੁਗਤ ਰਹੇ ਹਾਂ। ਇਸ ਕਰ ਕੇ ਹੀ ਸੰਗਤ ਨੇ ਸਾਨੂੰ ਸ਼ੀਸ਼ਾ ਦਿਖਾਇਆ ਹੈ। ਹੋ ਸਕਦਾ ਹੈ ਗੁਰੂ ਸਾਹਿਬ ਨੇ ਇਸ ਚੀਜ਼ ਦੀ ਹੀ ਸਜ਼ਾ ਸਾਨੂੰ ਦਿੱਤੀ ਹੈ।