ਸੰਗਤ ਤਕ ਗੁਰਮਤਿ ਦੀ ਜਾਣਕਾਰੀ ਸਪੱਸ਼ਟ ਰੂਪ ''ਚ ਪਹੁੰਚਾਉਣਾ ਪ੍ਰਚਾਰਕ ਸ਼੍ਰੇਣੀ ਦਾ ਫਰਜ਼ : ਬੀਬੀ ਜਗੀਰ ਕੌਰ

Friday, Dec 11, 2020 - 08:21 PM (IST)

ਅੰਮ੍ਰਿਤਸਰ,(ਦੀਪਕ ਸ਼ਰਮਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰ ਜਥਿਆਂ ਨਾਲ ਅੱਜ ਇਕ ਵਿਸ਼ੇਸ਼ ਇਕੱਤਰਤਾ ਕਰ ਕੇ ਪ੍ਰਚਾਰਕ ਸ਼੍ਰੇਣੀ ਨੂੰ ਸਿੱਖੀ ਪ੍ਰਚਾਰ ਲਈ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸੰਵਾਦ ਵਿਧੀ ਦਾ ਸਹਾਰਾ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਪ੍ਰਚਾਰਕ ਸ਼੍ਰੇਣੀ ਇਸ ਮਾਧਿਅਮ ਰਾਹੀਂ ਵੀ ਸੰਗਤ ਤੱਕ ਪਹੁੰਚ ਕਰੇ। ਸ਼੍ਰੋਮਣੀ ਕਮੇਟੀ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਇਸ ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਤ 300 ਤੋਂ ਵੱਧ ਪ੍ਰਚਾਰਕ, ਕਵੀਸ਼ਰ ਤੇ ਢਾਡੀ ਹਾਜ਼ਰ ਸਨ।

ਇਹ ਵੀ ਪੜ੍ਹੋ : ਫੇਸਬੁੱਕ 'ਤੇ ਫਿਰ ਬੋਲੇ ਨਵਜੋਤ ਸਿੱਧੂ, ਸਰਕਾਰ 'ਤੇ ਚੁੱਕੇ ਵੱਡੇ ਸਵਾਲ  

ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਚਾਰਕ ਸ਼੍ਰੇਣੀ ਦਾ ਯੋਗਦਾਨ ਅਤਿ ਮਹੱਤਵਪੂਰਨ ਹੈ ਅਤੇ ਸੰਗਤ ਅੰਦਰ ਗੁਰਮਤਿ ਦੀ ਵਿਚਾਰਧਾਰਾ ਦਾ ਸੰਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਉਨ੍ਹਾਂ ਨੇ ਪ੍ਰਚਾਰਕਾਂ ਨੂੰ ਹਰ ਵਿਸ਼ੇ 'ਤੇ ਸਪੱਸ਼ਟ ਜਾਣਕਾਰੀ ਸੰਗਤ ਤੱਕ ਪਹੁੰਚਾਉਣ ਦੀ ਪ੍ਰੇਰਣਾ ਕੀਤੀ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਵੀ ਵਿਚਾਰ ਸਾਂਝੇ ਕੀਤੇ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ, ਮਿਲੇਗਾ ਇਹ ਐਵਾਰਡ

ਇਸ ਤੋਂ ਇਲਾਵਾ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਅਤੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੋਂ ਇਲਾਵਾ ਵਧੀਕ ਸਕੱਤਰ ਸੁਖਮਿੰਦਰ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ ਕੰਗ, ਤੇਜਿੰਦਰ ਸਿੰਘ ਪੱਡਾ, ਓ. ਐੱਸ. ਡੀ. ਡਾ. ਅਮਰੀਕ ਸਿੰਘ, ਡਾ. ਸੁਖਬੀਰ ਸਿੰਘ, ਸਤਬੀਰ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।



 


Deepak Kumar

Content Editor

Related News