ਦੋ ਭਰਾਵਾਂ ਨੇ ਪੁਲਸ ਅਧਿਕਾਰੀਆਂ 'ਤੇ ਠੋਕਿਆ 10 ਕਰੋੜ ਦਾ ਦਾਅਵਾ
Friday, Apr 26, 2019 - 12:03 PM (IST)
ਬਠਿੰਡਾ (ਵਰਮਾ) - ਬਠਿੰਡਾ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ 2014 'ਚ ਬਠਿੰਡਾ ਤੋਂ ਅੱਤਵਾਦੀ ਸੰਗਠਨ ਬੱਬਰ ਖਾਲਸਾ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਪ੍ਰਮੁੱਖ ਜਗਤਾਰ ਸਿੰਘ ਤਾਰਾ ਨਾਲ ਸਬੰਧ ਰੱਖਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤੇ ਗਏ ਰਮਨਦੀਪ ਸੰਨੀ ਦੇ ਮਾਮਲੇ 'ਚ 2 ਭਰਾਵਾਂ ਦੇ ਨਿਰਦੋਸ਼ ਪਾਏ ਜਾਣ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ 10 ਕਰੋੜ ਦਾ ਨੋਟਿਸ ਭੇਜ ਕੇ ਦਾਅਵਾ ਠੋਕਿਆ ਹੈ। ਦੱਸ ਦੇਈਏ ਕਿ ਵਕੀਲ ਖਾਰਾ ਨੇ ਐੱਸ. ਐੱਸ. ਪੀ. ਬਠਿੰਡਾ, ਆਈ. ਜੀ. ਪੁਲਸ ਬਠਿੰਡਾ ਰੇਂਜ, ਡੀ. ਆਈ. ਜੀ. ਬਠਿੰਡਾ, ਉਸ ਵੇਲੇ ਦੇ ਡੀ. ਐੱਸ. ਪੀ. ਗੁਰਦਰਸ਼ਨ ਸਿੰਘ, ਥਾਣਾ ਪ੍ਰਮੁੱਖ ਕੋਤਵਾਲੀ, ਸੀ. ਆਈ. ਏ. ਸਟਾਫ ਪ੍ਰਮੁੱਖ ਜਗਦੀਸ਼ ਕੁਮਾਰ, ਸੀ. ਆਈ. ਏ. ਸਟਾਫ ਦੇ ਗੁਰਿੰਦਰ ਸਿੰਘ ਤੋਂ ਇਲਾਵਾ ਸਪੈਸ਼ਲ ਸਕੱਤਰ ਗ੍ਰਹਿ ਮਾਮਲੇ ਨੂੰ ਨੋਟਿਸ ਭੇਜਿਆ ਹੈ। ਐਡਵੋਕੇਟ ਖਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਕਲਾਇੰਟਸ ਅਮਰਜੀਤ ਸਿੰਘ ਤੇ ਜਗਜੀਤ ਸਿੰਘ ਪੁੱਤਰ ਜੰਗ ਸਿੰਘ ਪਿੰਡ ਸ਼ੋਸ਼ਰਾਣਾ ਮੋਹਾਲੀ ਹਨ। ਥਾਣਾ ਕੋਤਵਾਲੀ ਪੁਲਸ ਨੇ 2014 'ਚ ਬਠਿੰਡਾ ਵਾਸੀ ਇਕ ਨੌਜਵਾਨ ਰਮਨਦੀਪ ਸਿੰਘ ਉਰਫ ਸੰਨੀ ਖਿਲਾਫ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਪੁਲਸ ਨੇ ਉਸ 'ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜੇ ਹੋਣ ਦੇ ਦੋਸ਼ ਲਾਉਂਦੇ ਦੱਸਿਆ ਸੀ ਕਿ ਰਮਨਦੀਪ ਸਿੰਘ ਬੈਂਕਾਕ ਤੇ ਮਲੇਸ਼ੀਆ 'ਚ ਉਕਤ ਅੱਤਵਾਦੀ ਸੰਗਠਨ ਭਿੰਡਰਾਂਵਾਲਾ ਟਾਈਗਰਸ ਫੋਰਸ ਪ੍ਰਮੁੱਖ ਜਗਤਾਰ ਤਾਰਾ ਨਾਲ ਮਿਲ ਚੁੱਕਾ ਹੈ ਤੇ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਚੁੱਕਾ ਹੈ। ਪੁਲਸ ਨੇ ਰਮਨਦੀਪ ਸਿੰਘ ਤੋਂ ਇਕ ਪਿਸਤੌਲ, 3 ਕਾਰਤੂਸਾਂ ਤੋਂ ਇਲਾਵਾ ਕੁਝ ਬੱਬਰ ਖਾਲਸਾ ਨਾਲ ਸਬੰਧਤ ਦਸਤਾਵੇਜ਼, ਇਕ ਛੋਟਾ ਟਾਈਮ ਪੀਸ, ਬੈਟਰੀ ਤੇ ਕੁਝ ਮਾਤਰਾ 'ਚ ਵਿਸਫੋਟਕ ਪਦਾਰਥ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ ਉਨ੍ਹਾਂ ਦੇ ਦੋਵੇਂ ਕਲਾਇੰਟਸ ਅਮਰਜੀਤ ਸਿੰਘ ਤੇ ਜਗਜੀਤ ਸਿੰਘ 'ਤੇ ਦੋਸ਼ ਲਾਏ ਕਿ ਸੰਨੀ ਦੇ ਉਨ੍ਹਾਂ ਨਾਲ ਵੀ ਸਬੰਧ ਰਹੇ ਹਨ, ਜਿਸ ਕਾਰਨ ਪੁਲਸ ਨੇ ਦੋਵਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਨ੍ਹਾਂ ਦਾ ਉਕਤ ਮਾਮਲੇ 'ਚ ਕੋਈ ਲੈਣਾ-ਦੇਣਾ ਨਹੀਂ ਸੀ। ਅਦਾਲਤ 'ਚ ਕ੍ਰਾਸ ਐਗਜ਼ਾਮੀਨੇਸ਼ਨ ਦੌਰਾਨ ਪੁਲਸ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਕਲਾਇੰਟਸ ਦਾ ਸੰਨੀ ਜਾਂ ਜਗਤਾਰ ਸਿੰਘ ਤਾਰਾ ਨਾਲ ਕਿਸੇ ਤਰ੍ਹਾਂ ਦਾ ਸਬੰਧ ਸਾਹਮਣੇ ਨਹੀਂ ਆਇਆ। ਪੁਲਸ ਇਸ ਮਾਮਲੇ 'ਚ ਕੁਝ ਸਾਬਤ ਨਹੀਂ ਕਰ ਸਕੀ, ਜਿਸ ਕਾਰਨ ਉਨ੍ਹਾਂ ਦੇ ਕਲਾਇੰਟਸ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ। ਜੇਕਰ ਉਕਤ ਨੋਟਿਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਮਾਮਲਾ ਅਦਾਲਤ 'ਚ ਲਿਜਾਇਆ ਜਾਵੇਗਾ।