ਸੂਬੇ ''ਚ ਸਿੱਖਿਆ ਸੁਧਾਰ ਨਹੀਂ ਬੇੜਾ ਗਰਕ ਕਰ ਰਹੀ ਕੈਪਟਨ ਸਰਕਾਰ : ਬਾਜਵਾ

Sunday, Feb 09, 2020 - 12:24 PM (IST)

ਭਵਾਨੀਗੜ੍ਹ (ਵਿਕਾਸ): ਪੰਜਾਬ ਦੇ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਨੂੰ ਆਪਣੀ ਜਮਾਤ 'ਚੋਂ ਪਾਸ ਹੋਣ ਲਈ ਲੋੜੀਂਦਾ ਸਿਰਫ 20 ਫੀਸਦੀ ਅੰਕ ਹਾਸਲ ਕਰਨ ਦੇ ਕੀਤੇ ਫੈਸਲੇ ਨੇ ਕੈਪਟਨ ਸਰਕਾਰ ਦੀ ਸਿੱਖਿਆ ਦੇ ਖੇਤਰ 'ਚ ਇਕ ਵਾਰ ਫਿਰ ਤੋਂ ਆਪਣੀ ਨਾਲਾਇਕੀ ਜੱਗ ਜਾਹਿਰ ਕੀਤਾ ਹੈ। ਉਪਰੋਕਤ ਵਿਚਾਰ ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਬਾਜਵਾ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਆਖਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਤੇ ਹਲਕਾ ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਨੂੰ ਸੂਬੇ ਦੀ ਸਿੱਖਿਆ ਪ੍ਰਣਾਲੀ 'ਚ ਸੁਧਾਰ ਤੇ ਸਕੂਲਾਂ ਦੀ ਦਸ਼ਾ ਬਦਲਣ ਵਰਗੀਆਂ ਗੱਲਾਂ ਕਰਨੀਆਂ ਬੰਦ ਕਰਕੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਬਾਜਵਾ ਨੇ ਕਿਹਾ ਕਿ ਇਕ ਪਾਸੇ ਪੂਰੇ ਵਿਸ਼ਵ 'ਚ ਬਹੁਤ ਤੇਜ਼ੀ ਨਾਲ ਸਿੱਖਿਆ ਅਤੇ ਟੈਕਨੋਲੋਜੀ ਵੱਧ ਰਹੀ ਹੈ, ਜਿਸ ਤਹਿਤ ਪੰਜਾਬ ਸਰਕਾਰ ਨੂੰ ਵੀ ਬੱਚਿਆਂ ਦੀ ਸਕੂਲੀ ਸਿੱਖਿਆ ਦਾ ਵਿਕਾਸ ਕਰਕੇ ਬੱਚਿਆਂ ਦੀ ਰੁਚੀ ਅਤੇ ਸਿੱਖਿਆ ਪ੍ਰਤੀ ਮੁਕਾਬਲਾ ਵਧਾਉਣਾ ਚਾਹੀਦਾ ਸੀ, ਪਰ ਹਰ ਪੱਖ ਤੋਂ ਫੇਲ ਹੋ ਰਹੇ ਸਿੱਖਿਆ ਮੰਤਰੀ ਨੇ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਪਿਛਲੇ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਬੱਚਿਆਂ ਦੇ ਭਵਿੱਖ ਨੂੰ ਸ਼ਰੇਆਮ ਦਾਅ 'ਤੇ ਲਾ ਕੇ ਸਿਰਫ ਪਾਸ ਪ੍ਰਤੀਸ਼ਤ ਵਧਾਉਣ 'ਚ ਲੱਗੀ ਹੈ, ਜਿਸਦੇ ਬਹੁਤ ਗੰਭੀਰ ਸਿੱਟੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਭੋਗਣੇ ਪੈਣਗੇ। ਉਹਨਾਂ ਮੰਗ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਆਪਣੀ ਇਸ ਗਲਤੀ ਨੂੰ ਸੁਧਾਰ ਕੇ ਪਾਸ ਹੋਣ ਲਈ 33 ਫੀਸਦ ਅੰਕ ਦੀ ਸ਼ਰਤ ਨੂੰ ਮੁੜ ਤੋਂ ਬਹਾਲ ਕਰੇ।


Baljeet Kaur

Content Editor

Related News