ਭੱਠਾ ਐਸੋਸੀਏਸ਼ਨ ਨੇ ਨਰੇਗਾ ਦੀਆਂ ਅਦਾਇਗੀਆਂ ਲਈ ਪੇਂਡੂ ਵਿਕਾਸ ਵਿੱਤ ਕਮਿਸ਼ਨਰ ਨਾਲ ਕੀਤੀ ਮੁਲਾਕਾਤ

09/07/2017 5:50:30 PM


ਸੰਗਰੂਰ (ਬੇਦੀ)- ਭੱਠਾ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਸ. ਹਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਪੇਂਡੂ ਵਿਕਾਸ ਦੇ ਵਿੱਤ ਕਮਿਸ਼ਨਰ ਅਨੁਰਾਗ ਵਰਮਾਂ ਨੂੰ ਨਰੇਗਾ ਅਧੀਨ ਕੀਤੇ ਕੰਮਾਂ ਦੀ ਅਦਾਇਗੀ ਜਲਦੀ ਕਰਨ ਦੀ ਮੰਗ ਨੂੰ ਲੈ ਕੇ ਮਿਲਿਆ ਹੈ। ਇਸ ਸਮੇਂ ਵਫਦ 'ਚ ਸ੍ਰੀ ਦਵਿੰਦਰ ਰਾਜਦੇਵ ਮੁਕਤਸਰ, ਸ੍ਰੀ ਪ੍ਰੇਮ ਗੁਪਤਾ ਸੰਗਰੂਰ, ਸੁਰਿੰਦਰ ਸਿੰਗਲਾ ਪਟਿਆਲਾ, ਪਰਮਜੀਤ ਸੰਧੂ ਬਠਿੰਡਾ, ਯਸਪਾਲ ਮਾਨਸਾ ਨੇ ਮੰਗ ਕੀਤੀ ਕਿ ਭੱਠਾ ਮਾਲਕਾਂ ਵੱਲੋਂ ਨਰੇਗਾ ਅਧੀਨ ਪਿੰਡਾਂ 'ਚ ਕਰਵਾਏ ਵਿਕਾਸ ਦੇ ਕੰਮਾਂ ਲਈ ਭੇਜੀ ਇੱਟ ਦੀ ਅਦਾਇਗੀ ਜਲਦੀ ਜਾਰੀ ਕਰਨ ਦੀ ਮੰਗ ਕੀਤੀ। ਇਨ੍ਹਾਂ ਨੇ ਦੱਸਿਆ ਕਿ ਭੱਠਾ ਮਾਲਕਾਂ ਦੇ ਕਰੋੜਾਂ ਰੁਪਏ ਨਰੇਗਾ ਦੀ ਅਦਾਇਗੀ ਵਿਚ ਫੱਸੇ ਹੋਏ ਹਨ। ਇਸ ਵਾਰ ਸ੍ਰੀ ਅਨੁਰਾਗ ਵਰਮਾਂ ਨੇ ਵਫਦ ਨੂੰ ਦੱਸਿਆ ਕਿ ਕੇਂਦਰ ਵੱਲੋਂ ਨਰੇਗਾ ਦੇ ਫੰਡ ਆ ਚੁੱਕੇ ਹਨ ਪਰ ਉਸ ਵਿਚ ਸੂਬਾ ਸਰਕਾਰ ਨੇ ਆਪਣਾ ਬਣਦਾ 10 ਪ੍ਰਤੀਸ਼ਤ ਹਿੱਸਾ ਪਾਉਣਾ ਹੈ। ਉਸ ਜਦੋਂ ਵੀ ਸਰਕਾਰ ਪਾ ਦੇਵੇਗੀ ਤਾਂ ਉਸੇ ਸਮੇਂ ਆਪ ਜੀ ਨੂੰ ਅਦਾ ਕਰ ਦਿੱਤਾ ਜਾਵੇਗਾ। 

ਸ. ਹਰਵਿੰਦਰ ਸਿੰਘ ਸੇਖੋਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਰੇਗਾ ਦੇ ਫੰਡਾਂ 'ਚ ਆਪਣੇ ਹਿੱਸੇ ਦੇ ਜੇਕਰ ਪੈਸੇ ਪਾਉਂਦੀ ਹੈ ਤਾਂ ਉਸੇ ਸਮੇਂ ਜੀ. ਐਸ. ਟੀ ਦੇ ਰੂਪ 'ਚ 5 ਪ੍ਰਤੀਸ਼ਤ ਭੱਠਾ ਮਾਲਕਾ ਅਤੇ ਸੀਮਿੰਟ ਵਾਲਿਆਂ ਵੱਲੋਂ 28 ਪ੍ਰਤੀਸ਼ਤ ਜੀ. ਐਸ. ਟੀ ਸਰਕਾਰੀ ਖਜ਼ਾਨੇ 'ਚ ਚਲਾ ਜਾਵੇਗਾ। ਅਜਿਹਾ ਕਰਨ 'ਤੇ ਸਰਕਾਰ ਨੂੰ 10 ਪ੍ਰਤੀਸ਼ਤ ਪਾਉਣ ਉਪਰੰਤ ਸਰਕਾਰੀ ਖਜ਼ਾਨੇ 'ਚ 23 ਪ੍ਰਤੀਸ਼ਤ ਵਾਧੂ ਰਕਮ ਆ ਜਾਵੇਗੀ। ਉਨ੍ਹਾਂ ਕਿਹਾ ਕਿ ਭੱਠਾ ਸੰਨਤ ਪਹਿਲਾਂ ਹੀ ਘਾਟੇ 'ਚ ਹੈ। ਭੱਠੇ ਬੰਦ ਪਏ ਹਨ ਅਤੇ ਭੱਠਾ ਮਾਲਕਾਂ ਕੋਲ ਪ੍ਰਵਾਸੀ ਮਜਦੂਰਾਂ ਦੀ ਅਦਾਇਗੀ ਕਰਨ ਲਈ ਪੈਸਾ ਨਹੀਂ। ਭੱਠਾ ਚਲਾਉਣ ਲਈ ਭੱਠਾ ਮਾਲਕਾਂ ਨੂੰ ਭਾਰੀ ਆਰਥਕ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਸ. ਸੇਖੋਂ ਨੇ ਇਹ ਵੀ ਦੱਸਿਆ ਕਿ ਵਫਦ ਨੇ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਵੀ ਨਰੇਗਾ ਦੀਆਂ ਅਦਾਇਗੀਆਂ ਸਬੰਧੀ ਮੀਟਿੰਗ ਕੀਤੀ ਅਤੇ ਮੰਤਰੀ ਨੇ ਇਹ ਕਹਿ ਕੇ ਪੱਲਾ ਝਾੜ ਦਿਤਾ ਕਿ ਤੁਸੀਂ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਕਰੋਂ। ਇਸ ਵਫਦ 'ਚ ਸ੍ਰੀ ਮਦਨ ਲਾਲ, ਸੁਰੇਸ਼ ਕੁਮਾਰ, ਬਲਰਾਜ ਜੀ, ਦੀਪਕ ਬੱਬੂ, ਅਮ੍ਰਿਤਲਾਲ, ਮੁਕਸ਼ ਗੁਪਤਾ, ਭਾਰਤ ਭੂਸ਼ਨ, ਕ੍ਰਿਸ਼ਨ ਅਤੇ ਸੁਰਿੰਦਰ ਲੀਲਾ ਆਦਿ ਮੈਂਬਰ ਹਾਜ਼ਰ ਸਨ ।


Related News