ਬਾਰ ਐਸੋਸੀਏਸ਼ਨ ਦੀ ਚੋਣ ’ਚ ਗੁਰਪ੍ਰੀਤ ਸਿੰਘ ਸਿੱਧੂ ਬਣੇ ਪ੍ਰਧਾਨ

04/20/2019 4:18:27 AM

ਬਠਿੰਡਾ (ਮਨਜੀਤ ਕੌਰ)-ਬਾਰ ਐਸੋਸੀਏਸ਼ਨ ਦੇ ਪ੍ਰਧਾਨਗੀ ਅਹੁਦੇ ਲਈ ਸ਼ੁੱਕਰਵਾਰ ਨੂੰ ਪਈਆਂ ਵੋਟਾਂ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਚੋਣ ਮੈਦਾਨ ’ਚ ਡਟੇ ਆਪਣੇ ਦੋ ਵਿਰੋਧੀਆਂ ਨੂੰ ਮਾਤ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਵਿੰਦਰ ਸਿੰਘ ਢੈਪਈ ਸਾਬਕਾ ਸੈਕਟਰੀ ਨੇ ਦੱਸਿਆ ਕਿ ਅੱਜ ਪ੍ਰਧਾਨਗੀ ਅਹੁਦੇ ਲਈ ਪਈਆਂ ਵੋਟਾਂ ਸਮੇਂ ਬਾਰ ਐਸੋਸੀਏਸ਼ਨ ਦੇ ਮੈਂਬਰ ਵੋਟਰਾਂ ਦੀਆਂ ਕੁੱਲ 285 ਵੋਟਾਂ ’ਚੋਂ 267 ਪੋਲ ਹੋਈਆਂ ,ਜਿੰਨ੍ਹਾਂ ’ਚੋਂ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਨੂੰ 147, ਐਡਵੋਕੇਟ ਰਣਦੀਪ ਸ਼ਰਮਾ ਨੂੰ 87 ਅਤੇ ਐਡਵੋਕੇਟ ਗੁਰਜੀਤ ਸਿੰਘ ਝੰਡੂਕੇ ਨੂੰ 33 ਵੋਟਾਂ ਮਿਲੀਆਂ। ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਆਪਣੀ ਜਿੱਤ ਦਰਜ ਕਰਵਾਉਂਦਿਆਂ ਆਪਣੇ ਨਿਕਟ ਵਿਰੋਧੀ ਐਡਵੋਕੇਟ ਰਣਦੀਪ ਸ਼ਰਮਾ ਨੂੰ 60 ਵੋਟਾਂ ਦੇ ਫਰਕ ਨਾਲ ਹਰਾ ਕੇ ਸਫਲਤਾ ਹਾਸਲ ਕੀਤੀ। ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਐਡਵੋਕੇਟ ਅੰਗਰੇਜ਼ ਸਿੰਘ, ਸੈਕਟਰੀ ਐਡਵੋਕੇਟ ਗੁਰਦਾਸ ਸਿੰਘ ਅਤੇ ਜੁਆਇੰਟ ਸੈਕਟਰੀ ਐਡਵੋਕਟ ਰਘਵੀਰ ਸਿੰਘ ਦੀ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਵੋਟਾਂ ਪੈਣ ਦੀ ਪ੍ਰਕਿਰਿਆ ਮੌਕੇ ਰਿਟਰਨਿੰਗ ਅਫਸਰ ਐਡਵੋਕੇਟ ਗੁਰਨਾਮ ਸਿੰਘ ਦੀ ਦੇਖ-ਰੇਖ ਹੇਠ ਵੋਟਾਂ ਪੈਣ ਦਾ ਕੰਮ ਸ਼ਾਮ 4 ਵਜੇ ਸਮਾਪਤ ਹੋਇਆ ਅਤੇ ਤੁਰੰਤ ਹੀ ਵੋਟਾਂ ਦੀ ਗਿਣਤੀ ਹੋਈ, ਜਿਸ ਉਪਰੰਤ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਨੂੰ ਜੇਤੂ ਐਲਾਨਿਆ ਗਿਆ। ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਪਹਿਲਾਂ ਵੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੀ ਜਿੱਤ ਉਪਰੰਤ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਗੁਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਬਾਰ ਐਸੋਸੀਏਸ਼ਨ ਮਾਨਸਾ ਦੀ ਇਹ ਚੋਣ ਪਹਿਲਾਂ ਪ੍ਰੈਕਟਿਸ ਨਾ ਕਰਨ ਵਾਲੇ ਵਕੀਲਾਂ ਦੀਆਂ ਵੋਟਾਂ ਕੱਟਣ ਕਰ ਕੇ ਅੱਗੇ ਪੈ ਗਈ ਸੀ।

Related News