''ਭਾਜਪਾ ਵਰਕਰ ਨਾ ਡਰੇਗਾ, ਨਾ ਝੁਕੇਗਾ, ਮਾਹੌਲ ਖਰਾਬ ਕਰ ਰਹੀ ਕੈਪਟਨ ਸਰਕਾਰ''

12/26/2020 12:11:35 PM

ਚੰਡੀਗੜ੍ਹ (ਸ਼ਰਮਾ) : ਕਿਸਾਨਾਂ ਦੇ ਨਾਂ ’ਤੇ ਨਕਸਲੀਆਂ ਵਲੋਂ ਕੈਪਟਨ ਸਰਕਾਰ ਦੀ ਸ਼ਹਿ ’ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਵਲੋਂ ਅਟਲ ਬਿਹਾਰੀ ਵਾਜਪਾਈ ਦੇ 96ਵੇਂ ਜਨਮ ਦਿਹਾੜੇ ਮੌਕੇ ਕਰਵਾਏ ਜਾ ਰਿਹੇ ਪ੍ਰੋਗਰਾਮ ਦੌਰਾਨ ਕੀਤੀ ਗਈ ਤੋੜ-ਭੰਨ, ਪੱਥਰਬਾਜ਼ੀ ਅਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਦੀ ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਸਾਰੀ ਘਟਨਾ ਦੌਰਾਨ ਕਥਿਤ ਕਿਸਾਨਾਂ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਸੀ।

ਇਸ ਤੋਂ ਸਾਫ ਹੁੰਦਾ ਹੈ ਕਿ ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਵਲੋਂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਭਾਜਪਾ ਵਰਕਰ ਨਾ ਡਰੇਗਾ ਅਤੇ ਨਾ ਹੀ ਝੁਕੇਗਾ। ਇਸ ਤੋਂ ਪਹਿਲਾਂ ਵੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਕੈਪਟਨ ਸਰਕਾਰ ਦੇ ਸਮਰਥਨ ਵਾਲੇ ਗੁੰਡਿਆਂ ਨੇ ਕਾਤਲਾਨਾ ਹਮਲਾ ਕੀਤਾ ਸੀ ਅਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਭ ਭਾਜਪਾ ਅਤੇ ਏਜੰਸੀਆਂ ਵਲੋਂ ਜਾਰੀ ਚਿਤਾਵਨੀਆਂ ਨੂੰ ਸਹੀ ਸਾਬਤ ਕਰਦਾ ਹੈ ਕਿ ਨਕਸਲਵਾਦੀ ਸੰਗਠਨ ਅਤੇ ਸਮਾਜ ਵਿਰੋਧੀ ਅਨਸਰ ਕਿਸਾਨੀ ਲਹਿਰ 'ਚ ਦਾਖ਼ਲ ਹੋ ਗਏ ਹਨ, ਜੋ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕੈਪਟਨ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਨਾਲ ਭਾਜਪਾ ਨੂੰ ਰੋਕਣਾ ਸੰਭਵ ਨਹੀਂ ਹੈ, ਪੰਜਾਬ ਦੇ ਲੋਕ ਸਭ ਦੇਖ ਰਹੇ ਹਨ ਅਤੇ ਇਸ ਦਾ ਲੇਖਾ-ਜੋਖਾ ਕੈਪਟਨ ਸਰਕਾਰ ਤੋਂ ਲਿਆ ਜਾਏਗਾ।


Babita

Content Editor

Related News