ਕੈਪਟਨ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰੀ
Sunday, Jun 24, 2018 - 02:40 AM (IST)
ਚੰਡੀਗੜ੍ਹ (ਭੁੱਲਰ) - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕੈਪਟਨ ਸਰਕਾਰ ਵੱਲੋਂ ਪੇਂਡੂ ਖੇਤਰਾਂ ਲਈ ਬਿਜਲੀ ਦਰਾਂ 'ਚ ਕੀਤੇ 10 ਪੈਸੇ ਪ੍ਰਤੀ ਯੂਨਿਟ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਇਹ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਥੋਂ ਜਾਰੀ ਕੀਤੇ ਸਾਂਝੇ ਪ੍ਰੈੱਸ ਬਿਆਨ 'ਚ ਇਹ ਮੰਗ ਕਰਦੇ ਹੋਏ ਕੈਪਟਨ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਆਪਣੇ ਸਾਰੇ ਚੋਣ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ। ਸਰਮਾਏਦਾਰ ਸਨਅਤਕਾਰਾਂ ਤੋਂ ਤਾਂ 5 ਰੁਪਏ ਪ੍ਰਤੀ ਯੂਨਿਟ ਪਰ ਕਿਸਾਨਾਂ-ਮਜ਼ਦੂਰਾਂ ਤੇ ਹੋਰ ਪੇਂਡੂ ਗਰੀਬਾਂ ਤੋਂ 7 ਰੁਪਏ ਤੋਂ ਵੀ ਵੱਧ ਰੇਟ ਵਸੂਲੇ ਜਾ ਰਹੇ ਹਨ। ਕਰਜ਼ਾ-ਮੁਆਫੀ ਵੀ ਸਟੇਜੀ ਡਰਾਮੇਬਾਜ਼ੀ ਤੱਕ ਸੀਮਤ ਰਹਿ ਰਹੀ ਹੈ।
ਉਨ੍ਹਾਂ ਕਿਹਾ ਕਿ ਹਰ ਘਰ ਰੋਜ਼ਗਾਰ ਦਾ ਵਾਅਦਾ ਤਾਂ ਕਿਸੇ ਨੇ ਕੀ ਲਾਗੂ ਕਰਨਾ ਸੀ ਉਲਟਾ ਨਿੱਜੀਕਰਨ ਦੀ ਨੀਤੀ ਰਾਹੀਂ ਹਜ਼ਾਰਾਂ ਥਰਮਲ ਕਾਮਿਆਂ ਤੇ ਆਂਗਣਵਾੜੀ ਵਰਕਰਾਂ ਸਮੇਤ ਲੱਖਾਂ ਲੋਕਾਂ ਦਾ ਰੋਜ਼ਗਾਰ ਖੋਹਿਆ ਜਾ ਚੁੱਕਾ ਹੈ। ਕਰਜ਼ਿਆਂ ਬਦਲੇ ਕੁਰਕੀਆਂ, ਨੀਲਾਮੀਆਂ ਤੇ ਗ੍ਰਿਫਤਾਰੀਆਂ ਦਾ ਚੱਕਰਵਿਊ ਲਗਾਤਾਰ ਜਾਰੀ ਹੈ। ਉੁਪਰੋਕਤ ਆਗੂਆਂ ਨੇ ਇਨ੍ਹਾਂ ਵਾਧਿਆਂ ਖਿਲਾਫ਼ ਅੰਦੋਲਨ ਦੀ ਚਿਤਾਵਨੀ ਦਿੱਤੀ।