ਗਿੱਦੜਬਾਹਾ ਜ਼ਿਮਨੀ ਚੋਣ ''ਚ ਹੋਵੇਗਾ ਦਿਲਚਸਪ ਮੁਕਾਬਲਾ, ਲੀਡਰਾਂ ਦੀ ਸਾਖ ਲੱਗੀ ਦਾਅ ''ਤੇ
Tuesday, Nov 19, 2024 - 06:22 PM (IST)
ਗਿੱਦੜਬਾਹਾ (ਵੈੱਬ ਡੈਸਕ) : ਗਿੱਦੜਬਾਹਾ ਵਿਧਾਨ ਸਭਾ ਹਲਕੇ 'ਤੇ ਹੋਣ ਵਾਲੀ ਜ਼ਿਮਨੀ ਚੋਣ ਵਿਚ ਇਸ ਵਾਰ ਮੁਕਾਬਲਾ ਬੇਹੱਦ ਦਿਲਚਸਪ ਰਹਿਣ ਵਾਲਾ ਹੈ। 2022 ਦੀ ਚੋਣਾਂ ਵਿਚ ਰਾਜਾ ਵੜਿੰਗ ਹਰਦੀਪ ਸਿੰਘ ਡਿੰਪੀ ਢਿੱਲੋਂ ਤੋਂ ਮਹਿਜ਼ 1349 ਵੋਟਾਂ ਦੇ ਮਾਮੂਲੀ ਫਰਕ ਨਾਲ ਜੇਤੂ ਰਹੇ ਸਨ। ਹੁਣ ਰਾਜਾ ਵੜਿੰਗ ਲੁਧਿਆਣਾ ਤੋਂ ਐੱਮ. ਪੀ. ਹਨ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਹੈ, ਜਦਕਿ ਡਿੰਪੀ ਢਿੱਲੋਂ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਹਲਕੇ ਵਿਚ ਚੰਗਾ ਰਸੂਖ ਰੱਖਣ ਵਾਲੇ ਮਨਪ੍ਰੀਤ ਸਿੰਘ ਬਾਦਲ ਭਾਜਪਾ ਵਲੋਂ ਚੋਣ ਲੜ ਰਹੇ ਹਨ। ਜਿਸ ਦੇ ਚੱਲਦੇ ਇਥੇ ਤ੍ਰਿਕੌਣੀ ਲੜਾਈ ਦੇਖਣ ਨੂੰ ਮਿਲ ਸਕਦੀ ਹੈ। ਇਥੇ ਦਿਲਚਸਪ ਗੱਲ ਇਹ ਵੀ ਹੈ ਕਿ 1997 ਤੋਂ ਲੈ ਕੇ 2007 ਤਕ ਲਗਾਤਾਰ ਤਿੰਨ ਵਾਰ ਇਸ ਹਲਕੇ ਵਿਚ ਚੋਣ ਜਿੱਤਣ ਵਾਲਾ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਗੇਮ ਵਿਚੋਂ ਬਾਹਰ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਬਦਲੇਗਾ ਸਮਾਂ
ਦੱਸ ਦਈਏ ਕਿ ਗਿੱਦੜਬਾਹਾ ਹਲਕਾ ਪੰਜਾਬ ਦੇ ਮੁਕਤਸਰ ਜ਼ਿਲ੍ਹੇ 'ਚ ਸਥਿਤ ਹੈ ਅਤੇ ਫ਼ਰੀਦਕੋਟ ਲੋਕ ਸਭਾ ਸੀਟ ਅਧੀਨ ਆਉਂਦਾ ਹੈ। ਇਸ ਹਲਕੇ 'ਚ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿਚ ਤਿੰਨ ਵਾਰ ਕਾਂਗਰਸ ਅਤੇ ਦੋ ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਆਗੂ ਅਤੇ ਚੰਨੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਅਤੇ ਇਸ ਵਾਰ ਉਨ੍ਹਾਂ ਦੀ ਧਰਮ ਪਤਨੀ ਚੋਣ ਮੈਦਾਨ ਵਿਚ ਹੈ। ਦਰਅਸਲ ਲੋਕ ਸਭਾ ਚੋਣਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗਿੱਦੜਬਾਹਾ ਦੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇਣਾ ਪਿਆ। ਜਿੱਥੇ ਹੁਣ ਜ਼ਿਮਨੀ ਚੋਣ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਨਹੀਂ ਦੇਖ ਹੁੰਦਾ ਬੱਚਿਆਂ ਦਾ ਹਾਲ
ਇਸ ਤੋਂ ਪਹਿਲਾਂ 1997 ਤੋਂ ਲੈ ਕੇ 2007 ਤੱਕ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਦੀ ਹੈਟ੍ਰਿਕ ਲਗਾਈ ਸੀ ਪਰ 2012 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਪਾਰਟੀ ਪੀਪਲਜ਼ ਇਜ਼ ਪਾਰਟੀ ਆਫ਼ ਪੰਜਾਬ ਬਣਾਈ ਅਤੇ ਇਸੇ ਪਾਰਟੀ ਵੱਲੋਂ ਚੋਣਾਂ ਲੜੀਆਂ ਸਨ। ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ ਅਤੇ ਉਹ ਖ਼ੁਦ ਵੀ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ 2017 ਵਿਚ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਬਣੇ ਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਵੀ ਰਹੇ। 2022 ਵਿਚ ਰਾਜਾ ਵੜਿੰਗ ਨੇ ਗਿੱਦੜਬਾਹਾ ਸੀਟ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਅਤੇ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ।
1997
ਇਹ ਚੋਣ ਅਕਾਲੀ ਦਲ ਦੇ ਮਨਪ੍ਰੀਤ ਬਾਦਲ ਨੇ 17148 ਵੋਟਾਂ ਦੀ ਲੀਡ ਨਾਲ ਜਿੱਤੀ। ਬਾਦਲ ਨੂੰ ਜਿੱਥੇ 51086 ਵੋਟਾਂ ਮਿਲੀਆਂ ਉਥੇ ਕਾਂਗਰਸ ਦੇ ਮਲਕੀਤ ਸਿੰਘ ਨੂੰ 33938 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
2002
2002 ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੇ 59336 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਉਮੀਦਵਾਰ ਰਘੂਵੀਰ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ। ਰਘੂਵੀਰ ਨੂੰ 43801 ਵੋਟਾਂ ਮਿਲੀਆਂ ਸਨ। ਮਨਪ੍ਰੀਤ ਨੇ ਇਹ ਚੋਣ 15535 ਵੋਟਾਂ ਦੇ ਫਰਕ ਨਾਲ ਜਿੱਤੀ।
2007
2007 ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੇ 53111 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਰਘੂਬੀਰ ਸਿੰਘ 18828 ਵੋਟਾਂ ਦੇ ਫਰਕ ਨਾਲ ਹਰਾਇਆ। ਰਘੂਬੀਰ ਸਿੰਘ ਨੂੰ 34283 ਵੋਟਾਂ ਮਿਲੀਆਂ ਸਨ।
2012
2012 'ਚ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 50305, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਤ ਸਿੰਘ ਬਰਾੜ ਨੇ 36653 ਵੋਟਾਂ ਹਾਸਲ ਕੀਤੀਆਂ। ਰਾਜਾ ਵੜਿੰਗ ਨੇ ਸੰਤ ਸਿੰਘ ਨੂੰ 13,652 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
2017
2017 'ਚ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 63500 ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 47288 ਵੋਟਾਂ ਮਿਲੀਆਂ। ਰਾਜਾ ਵੜਿੰਗ ਨੇ ਹਰਦੀਪ ਸਿੰਘ ਨੂੰ 16,212 ਵੋਟਾਂ ਦੇ ਫ਼ਰਕ ਨਾਲ ਹਰਾਇਆ। ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਨੂੰ 25384 ਵੋਟਾਂ ਪਈਆਂ ਸਨ।
2022
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਗਿੱਦੜਬਾਹਾ ਤੋਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਉਮੀਦਵਾਰ ਐਲਾਨਿਆ। ਇਸ ਵਾਰ ਰਾਜਾ ਵੜਿੰਗ ਨੂੰ 50,998, ਜਦਕਿ ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ 49649 ਵੋਟਾਂ ਹਾਸਲ ਹੋਈਆਂ। ਇਥੇ ਰਾਜਾ ਵੜਿੰਗ ਸਿਰਫ 1,349 ਵੋਟਾਂ ਦੇ ਮਾਮੂਲੀ ਫਰਕ ਨਾਲ ਜੇਤੂ ਰਹੇ ਜਦਕਿ ਆਮ ਆਦਮੀ ਪਾਰਟੀ ਦੇ ਪ੍ਰੀਤਪਾਲ ਸ਼ਰਮਾ 38881 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।