ਮੰਤਰੀ ਆਸ਼ੂ ਦੇ ਹੱਕ ''ਚ ਆਏ ਸੁੰਦਰ ਸ਼ਾਮ ਅਰੋੜਾ, ਡੀ. ਐੱਸ. ਪੀ. ਨੂੰ ਕਿਹਾ ਬਦਤਮੀਜ਼

12/15/2019 6:26:42 PM

ਜਲੰਧਰ (ਧਵਨ) : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵਿਚਕਾਰ ਪੈਦਾ ਹੋਏ ਵਿਵਾਦ ਦਰਮਿਆਨ ਸੁੰਦਰ ਸ਼ਾਮ ਅਰੋੜਾ ਸਾਥੀ ਮੰਤਰੀ ਦੇ ਹੱਕ 'ਚ ਨਿੱਤਰ ਆਏ ਹਨ। ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਸਪੈਂਡ ਕੀਤੇ ਗਏ ਲੁਧਿਆਣਾ ਦੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਬਦਤਮੀਜੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਜਿਸ ਕਾਰਨ ਆਖਿਰਕਾਰ ਸਰਕਾਰ ਨੂੰ ਉਸ ਨੂੰ ਸਸਪੈਂਡ ਕਰਨਾ ਪਿਆ। 

ਅੱਜ ਇਥੇ ਉਦਯੋਗ ਮੰਤਰੀ ਨੇ ਕਿਹਾ ਕਿ ਡੀ. ਐੱਸ. ਪੀ. ਲਗਾਤਾਰ ਆਸ਼ੂ ਨੂੰ ਮੋਬਾਈਲ 'ਤੇ ਗਲਤ ਭਾਸ਼ਾ 'ਚ ਐੱਸ. ਐੱਮ. ਐੱਸ. ਭੇਜ ਰਿਹਾ ਸੀ। ਜਦੋਂ ਉਸ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ ਤਾਂ ਆਸ਼ੂ ਨੇ ਇਹ ਮਾਮਲਾ ਮੁੱਖ ਮੰਤਰੀ ਸਾਹਮਣੇ ਉਠਾਇਆ ਤਾਂ ਉਨ੍ਹਾਂ ਡੀ. ਐੱਸ. ਪੀ. ਨੂੰ ਸਸਪੈਂਡ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੇਖੋਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਅਰੋੜਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੰਤਰੀਆਂ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਮਰਿਆਦਾ 'ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ 'ਚ ਅਧਿਕਾਰੀਆਂ ਦਾ ਬਿਲਕੁੱਲ ਸਨਮਾਨ ਨਹੀਂ ਕੀਤਾ ਜਾਂਦਾ ਸੀ ਜਦਕਿ ਕੈਪਟਨ ਸਰਕਾਰ 'ਚ ਮੰਤਰੀਆਂ ਵਲੋਂ ਅਧਿਕਾਰੀਆਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ ਪਰ ਜੋ ਅਧਿਕਾਰੀ ਆਪਣੀ ਮਰਿਆਦਾ ਭੁੱਲ ਜਾਂਦਾ ਹੈ ਤਾਂ ਉਸ ਵਿਰੁੱਧ ਸਰਕਾਰ ਨੂੰ ਕਾਰਵਾਈ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸੇਖੋਂ ਨੇ ਅਜੇ ਵੀ ਆਸ਼ੂ ਵਿਰੁੱਧ ਆਪਣੀ ਬਿਆਨਬਾਜ਼ੀ ਬੰਦ ਨਹੀਂ ਕੀਤੀ ਹੈ।


Gurminder Singh

Content Editor

Related News