ਮੰਤਰੀ ਆਸ਼ੂ ਨੇ ਜੂਸ ਪਿਲਾ ਕੇ ਖੁੱਲ੍ਹਵਾਇਆ PAU ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਾ ਮਰਨ ਵਰਤ

Wednesday, Dec 16, 2020 - 01:24 PM (IST)

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਖੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 7-8 ਦਿਨਾਂ ਤੋਂ ਪੀ. ਏ. ਯੂ. ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਮਰਨ 'ਤੇ ਬੈਠੇ ਹੋਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਵੇਰੇ ਹੀ ਉਨ੍ਹਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁੱਲ੍ਹਵਾਇਆ। ਇੱਥੇ ਇਹ ਦੱਸ ਦੇਈਏ ਕਿ ਡਾ. ਕਿੰਗਰਾ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ। ਉਨ੍ਹਾਂ 'ਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ, ਉਥੇ ਖ਼ੁਫੀਆ ਏਜੰਸੀਆਂ ਵੀ ਪੰਜਾਬ ਸਰਕਾਰ ਨੂੰ ਅਧਿਆਪਕਾਂ ਦੇ ਚੱਲ ਰਹੇ ਅੰਦੋਲਨ ਸਬੰਧੀ ਰਿਪੋਰਟ ਸਮੇਂ-ਸਮੇਂ 'ਤੇ ਦਿੰਦੀਆਂ ਆ ਰਹੀਆਂ ਸਨ। ਮੰਤਰੀ ਆਸ਼ੂ ਨੇ ਟੀਚਰਜ਼ ਐਸੋਸੀਏਸ਼ਨ ਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਕਿ ਅੱਜ ਸ਼ਾਮ ਨੂੰ ਹੀ ਉਨ੍ਹਾਂ ਦੀ ਐਫ. ਸੀ. ਡੀ. ਦੇ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੀਟਿੰਗ 'ਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਮੰਤਰੀ ਆਸ਼ੂ ਨੇ ਚਾਹ ਦਾ ਸੱਦਾ ਸਵੀਕਾਰ ਨਹੀਂ ਕੀਤਾ
ਜਦੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਡਾ. ਕਿੰਗਰਾ ਦਾ ਮਰਨ ਵਰਤ ਖੁੱਲ੍ਹਵਾਉਣ ਲਈ ਪੁੱਜੇ ਤਾਂ ਉੱਥੇ ਪੀ. ਏ. ਯੂ. ਦੇ ਅਸਟੇਟ ਅਫਸਰ ਅਸ਼ੋਕ ਕੁਮਾਰ ਵੀ ਪੁੱਜੇ, ਜਦੋਂ ਕਿ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨਹੀਂ ਪੁੱਜੇ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਤਰੀ ਆਸ਼ੂ ਨੂੰ ਚਾਹ ਦਾ ਸੱਦਾ ਦਿੱਤਾ ਗਿਆ ਪਰ ਮੰਤਰੀ ਆਸ਼ੂ ਨੇ ਇਸ ਸੱਦੇ ਨੂੰ ਸਵੀਕਾਰ ਨਹੀਂ ਕੀਤਾ। ਇਸ ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲੀ, ਪੋਟਾ ਦੇ ਸਾਬਕਾ ਪ੍ਰਧਾਨ ਡਾ. ਐਸ. ਕੇ. ਸੰਘਾ, ਅਧਿਆਪਕ ਐਸੋਸੀਏਸ਼ਨ ਦੇ ਸਕੱਤਰ ਡਾ. ਡੀ. ਕੇ. ਸ਼ਰਮਾ, ਖਜ਼ਾਨਚੀ ਡਾ. ਸੀਮਾ ਸ਼ਰਮਾ, ਕੌਂਸਲਰ ਡਾ. ਜੀ. ਪੀ. ਐਸ. ਢਿੱਲੋਂ, ਕੌਂਸਲਰ ਹਰੀ ਸਿੰਘ ਬਰਾੜ ਸਮੇਤ ਯੂਨੀਵਰਸਿਟੀ ਦੇ ਵੱਡੀ ਗਿਣਤੀ 'ਚ ਅਧਿਆਪਕ ਅਤੇ ਮੁਲਾਜ਼ਮ ਮੌਜੂਦ ਰਹੇ।


Babita

Content Editor

Related News