ਝੋਨੇ ਦੀ ਖਰੀਦ ਦਾ ਕੰਮ ਹੁਣ 15 ਦਸੰਬਰ ਦੀ ਥਾਂ 30 ਨਵੰਬਰ ਤੱਕ ਹੀ ਹੋਵੇਗਾ : ਆਸ਼ੂ

11/21/2019 1:21:27 PM

ਚੰਡੀਗੜ੍ਹ (ਭੁੱਲਰ) : ਸੂਬੇ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਘਟਣ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਦੀ ਮਿਆਦ 'ਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ। ਇਸ ਸਬੰਧੀ ਮੰਤਰੀ ਨੇ ਕਿਹਾ ਕਿ ਪਹਿਲਾਂ ਸਾਉਣੀ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਝੋਨੇ ਦੀ ਖਰੀਦ ਸਮਾਂ 1 ਅਕਤੂਬਰ ਤੋਂ 15 ਦਸੰਬਰ, 2019 ਤੱਕ ਰੱਖਿਆ ਗਿਆ ਸੀ ਪਰ ਹੁਣ ਇਸ 'ਚ ਤਬਦੀਲੀ ਕੀਤੀ ਗਈ ਹੈ ਅਤੇ ਝੋਨੇ ਦੀ ਖਰੀਦ ਹੁਣ 30 ਨਵੰਬਰ ਤੱਕ ਹੋਵੇਗੀ, ਜਦ ਕਿ ਮਿਲਿੰਗ ਦੇ ਸਮੇਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਖੁਰਾਕ ਮੰਤਰਾਲਾ ਨੇ ਇਸ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਮੰਡੀਆਂ 'ਚ ਝੋਨੇ ਦੀ ਜ਼ਿਆਦਾਤਰ ਆਮਦ ਹੋ ਚੁੱਕੀ ਹੈ। ਇਸ ਲਈ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੀਆਂ 1844 ਮੰਡੀਆਂ 'ਚੋਂ 477 ਮੰਡੀਆਂ 'ਚ ਝੋਨੇ ਦੀ ਬਿਲਕੁਲ ਆਮਦ ਨਹੀਂ ਹੋਈ ਅਤੇ ਕਈ ਮੰਡੀਆਂ 'ਚ ਨਾ-ਮਾਤਰ ਆਮਦ ਹੋਈ। 19 ਨਵੰਬਰ ਤੱਕ 160.91 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ 'ਚੋਂ ਸਰਕਾਰ ਵਲੋਂ 159.80 ਲੱਖ ਮੀਟ੍ਰਿਕ ਟਨ ਅਤੇ ਨਿੱਜੀ ਮਿੱਲ ਮਾਲਕਾਂ ਵਲੋਂ 111128 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। 72 ਘੰਟਿਆਂ ਦੇ ਚੁਕਾਈ ਨਿਯਮ ਅਨੁਸਾਰ ਝੋਨੇ ਦੀ 100 ਫੀਸਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਵਲੋਂ ਆੜ੍ਹਤੀਆਂ/ਕਿਸਾਨਾਂ ਦੇ ਖਾਤਿਆਂ 'ਚ 26946.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਸੂਬਾ ਸਰਕਾਰ ਵਲੋਂ ਮੰਡੀਆਂ 'ਚੋਂ ਸਾਰੀ ਫ਼ਸਲ ਖਰੀਦਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੁਰਾਕ ਸਪਲਾਈ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ 30 ਨਵੰਬਰ ਤੱਕ ਮੰਡੀਆਂ 'ਚ ਲੈ ਕੇ ਆਉਣ ਤਾਂ ਜੋ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦਾ ਲਾਭ ਲੈ ਸਕਣ। ਉਨ੍ਹਾਂ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਖਰੀਦ ਸਮੇਂ 'ਚ ਹੋਈ ਸੋਧ ਬਾਰੇ ਜਾਣਕਾਰੀ ਦੇਣ।


Anuradha

Content Editor

Related News