''ਭਾਰਤ ਭੂਸ਼ਣ ਆਸ਼ੂ'' ਖਿਲਾਫ ਅਦਾਲਤ ਪੁੱਜਾ ਵਿਅਕਤੀ, ਜਾਣੋ ਪੂਰਾ ਮਾਮਲਾ

10/16/2019 4:28:42 PM

ਲੁਧਿਆਣਾ (ਰਾਜ ਬੱਬਰ) : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਬੀਤੇ ਦਿਨੀਂ ਇਕ ਸਿੱਖ ਨੌਜਵਾਨ ਗੁਰਸੇਵਕ ਸਿੰਘ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਬੁੱਧਵਾਰ ਨੂੰ ਪੀੜਤ ਨੌਜਵਾਨ ਦੇ ਪਿਤਾ ਸੌਦਾਗਰ ਸਿੰਘ ਅਦਾਲਤ ਪੁੱਜ ਗਏ ਹਨ। ਸੌਦਾਗਰ ਸਿੰਘ ਨੇ ਅਦਾਲਤ 'ਚ ਭਾਰਤ ਭੂਸ਼ਣ ਆਸ਼ੂ 'ਤੇ ਕੁੱਟਮਾਰ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਗਵਾ ਕਰਨ ਦਾ ਦੋਸ਼ ਲਾਇਆ ਗਿਆ ਹੈ।

ਪੀੜਤ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਕਾਂਗਰਸੀ ਮੰਤਰੀ ਨੇ ਉਨ੍ਹਾਂ ਨਾਲ ਬਹੁਤ ਧੱਕੇਸ਼ਾਹੀ ਕੀਤੀ ਹੈ ਅਤੇ ਫਿਰ ਉਸ ਦੇ ਬੇਟੇ ਅਤੇ ਉਸ ਦੇ ਦੋਸਤ 'ਤੇ ਝੂਠੇ ਪਰਚੇ ਵੀ ਪਾਏ ਹਨ, ਇਸ ਲਈ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਭਾਰਤ ਭੂਸ਼ਣ ਆਸ਼ੂ ਜ਼ਿੰਮੇਵਾਰ ਹੋਣਗੇ।

ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਵੀ ਅਪੀਲ ਕੀਤੀ। ਦੱਸ ਦੇਈਏ ਕਿ ਬੀਤੇ ਦਿਨੀਂ ਕਾਂਗਰਸ ਦੇ ਦਫਤਰ 'ਚ ਭਾਰਤ ਭੂਸ਼ਣ ਆਸ਼ੂ ਨੇ ਪਿੰਡ ਬੱਦੋਵਾਲ ਦੇ ਕਾਂਗਰਸੀ ਪਰਿਵਾਰ ਦੇ ਸਿੱਖ ਨੌਜਵਾਨ ਗੁਰਸੇਵਕ ਸਿੰਘ ਨਾਲ ਕੁੱਟਮਾਰ ਕੀਤੀ ਸੀ ਅਤੇ ਫਿਰ ਗੁਰਸੇਵਕ 'ਤੇ ਹੀ ਪੁਲਸ ਨੇ ਲੁੱਟ-ਖੋਹ ਦਾ ਮਾਮਲਾ ਦਰਜ ਕਰ ਲਿਆ ਸੀ।


Babita

Content Editor

Related News