ਸ਼ਹਿਰ ਦੇ 25 ਸਕੂਲਾਂ ਤੇ 2 ਸਰਕਾਰੀ ਕਾਲਜਾਂ ''ਚ ਸੌਰ ਊਰਜਾ ਪੈਨਲ ਸਥਾਪਤ ਹੋਣਗੇ : ਆਸ਼ੂ
Monday, May 25, 2020 - 11:47 PM (IST)
ਲੁਧਿਆਣਾ,(ਵਿੱਕੀ): ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ 25 ਸਰਕਾਰੀ ਸਕੂਲਾਂ ਅਤੇ 2 ਸਰਕਾਰੀ ਕਾਲਜਾਂ ਵਿੱਚ ਸੌਰ ਊਰਜਾ (ਸੋਲਰ ਪੈਨਲ) ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਨਾਲ ਇਹ ਸਕੂਲ ਤੇ ਕਾਲਜ ਸੂਰਜੀ ਊਰਜੀ ਦੀ ਵਰਤੋਂ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋ ਜਾਣਗੇ। ਜਿਸ ਨਾਲ ਨਾ ਸਿਰਫ ਪੈਸੇ ਦੀ ਬੱਚਤ ਹੋਵੇਗੀ, ਸਗੋਂ ਗਰੀਨ ਐਨਰਜੀ ਦੇ ਪੈਦਾ ਹੋਣ ਨਾਲ ਸਾਡੇ ਵਾਤਾਵਰਣ ਨੂੰ ਬਚਾਉਣ 'ਚ ਵੀ ਸਹਾਇਤਾ ਮਿਲੇਗੀ।
ਕੈਬਨਿਟ ਮੰਤਰੀ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਿੱਧਵਾਂ ਕੈਨਾਲ ਵਾਟਰਫਰੰਟ ਪ੍ਰਾਜੈਕਟ ਅਤੇ ਬੀ.ਆਰ.ਐਸ. ਨਗਰ ਵਿੱਚ ਲਈਅਰ ਵੈਲੀ ਦੇ ਚੱਲ ਰਹੇ ਪ੍ਰਾਜੈਕਟਾਂ ਵਾਲੀ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਨ, ਐਸ. ਡੀ. ਐਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ, ਜ਼ਿਲਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ, ਪੇਡਾ ਦੇ ਜ਼ਿਲਾ ਮੈਨੇਜਰ ਅਨੁਪਮ ਨੰਦਾ, ਕਰਨਜੀਤ ਸਿੰਘ, ਸੋਨੀ ਗਾਲਿਬ, ਸੰਨੀ ਭੱਲਾ, ਇੰਦਰਜੀਤ ਸਿੰਘ ਇੰਦੀ, ਸੁਖਪ੍ਰੀਤ ਸਿੰਘ ਔਲਖ ਤੋਂ ਇਲਾਵਾ ਹੋਰ ਹਾਜ਼ਰ ਸਨ।
ਇਸ ਮੌਕੇ ਆਸ਼ੂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹੈਬੋਵਾਲ ਕਲਾਂ ਵਿਖੇ ਸੋਲਰ ਪੈਨਲ ਦੀ ਸਥਾਪਨਾ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ 'ਤੇ ਕੁੱਲ 4.3 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪ੍ਰਾਜੈਕਟ ਮੁਕੰਮਲ ਹੋਣ 'ਤੇ 803 ਕਿਲੋਵਾਟ ਗਰੀਨ ਐਨਰਜੀ ਪੈਦਾ ਕਰੇਗਾ। ਇਹ ਪ੍ਰਾਜੈਕਟ ਪੂਰਾ ਹੋਣ 'ਤੇ ਸਾਲਾਨਾ 10.50 ਲੱਖ ਬਿਜਲੀ ਯੂਨਿਟਾਂ ਦਾ ਉਤਪਾਦਨ ਹੋਵੇਗਾ, ਜਿਸ ਨਾਲ ਹਰੇਕ ਸਾਲ 62 ਲੱਖ ਰੁਪਏ ਦੀ ਬੱਚਤ ਹੋਵੇਗੀ, ਜਿਸ ਨੂੰ ਸਕੂਲਾਂ ਤੇ ਕਾਲਜਾਂ ਵੱਲੋਂ ਬਿਜਲੀ ਦਰਾਂ ਵਜੋਂ ਅਦਾ ਕੀਤਾ ਜਾਂਦਾ ਸੀ।
ਆਸ਼ੂ ਨੇ ਦੱਸਿਆ ਕਿ ਇਹ ਸੋਲਰ ਪੈਨਲ 25 ਸਾਲ ਕੰਮ ਕਰਦੇ ਹਨ ਅਤੇ ਇਸ ਨੂੰ ਸਥਾਪਤ ਕਰਨ ਦੀ ਕੀਮਤ ਪੰਜ ਸਾਲ ਵਿੱਚ ਵਸੂਲ ਹੋ ਜਾਂਦੀ ਹੈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਬੀ.ਆਰ.ਐਸ. ਨਗਰ ਵਿੱਚ ਡੀ.ਏ.ਵੀ. ਸਕੂਲ ਦੇ ਸਾਹਮਣੇ ਲਈਅਰ ਵੈਲੀ ਅਤੇ ਸਿੱਧਵਾਂ ਕੈਨਾਲ ਵਾਟਰਫਰੰਟ ਪ੍ਰਾਜੈਕਟ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਵਾਟਰਫਰੰਟ ਪ੍ਰਾਜੈਕਟ ਤਹਿਤ ਸਿੱਧਵਾਂ ਨਹਿਰ ਦਾ ਆਸੇ-ਪਾਸੇ ਦੀ ਪੱਟੀ ਨੂੰ ਵਿਕਸਤ ਕੀਤਾ ਜਾਣਾ ਹੈ ਜੋ ਪੱਖੋਵਾਲ ਰੋਡ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਰੋਡ ਨੇੜੇ ਨਗਰ ਨਿਗਮ ਜ਼ੋਨ ਡੀ ਦਫਤਰ ਤੱਕ ਹੈ, ਸ਼ਹਿਰ ਦੇ ਨਾਗਰਿਕ ਲਈ ਖੁੱਲੀ ਜਨਤਕ ਥਾਂ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 4.75 ਕਰੋੜ ਰੁਪਏ ਹੈ। ਇਸ ਦੀ ਲੰਬਾਈ ਲਗਪਗ 1100 ਮੀਟਰ ਅਤੇ ਚੌੜਾਈ 20-22 ਮੀਟਰ ਤੱਕ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਹੇਠ ਗਰੀਨ ਪੱਟੀ, ਸਮਰਪਿਤ ਸਾਈਕਲ ਟਰੈਕ, ਖੇਡਾਂ ਦਾ ਜ਼ੋਨ, ਨਹਿਰ ਦੇ ਨਾਲ-ਨਾਲ ਪੈਦਲ ਚੱਲਣ ਵਾਲਾ ਟਰੈਕ, ਬੈਠਣ ਲਈ ਥਾਂਵਾਂ, ਕੰਧ 'ਤੇ ਚੜ੍ਹਨ ਵਰਗੀਆਂ ਗਤੀਵਿਧੀਆਂ ਨੂੰ ਵਿਕਸਤ ਜਾ ਰਿਹਾ ਹੈ। ਦੂਜੇ ਪੜਾਅ ਵਿੱਚ ਸਿੱਧਵਾਂ ਨਹਿਰ (ਪੱਖੋਵਾਲ ਰੋਡ ਤੋਂ ਦੁੱਗਰੀ ਰੋਡ) ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇੱਥੇ ਗਰੀਨ ਪੱਟੀ ਅਤੇ ਨਹਿਰ ਦੇ ਨਾਲ ਡਬਲ ਰੋਡ ਦੇ ਦੋਵੇਂ ਪਾਸਿਆਂ 'ਤੇ ਸਾਈਕਲ ਟਰੈਕ ਬਣਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸਾਫ ਸੁਥਰੇ ਵਾਤਾਵਰਣ, ਸ਼ਹਿਰ ਵਾਸੀਆਂ ਲਈ ਕਸਰਤ ਅਤੇ ਮਨੋਰੰਜਨ ਲਈ ਸ਼ਹਿਰ ਦੇ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡੀ.ਏ.ਵੀ. ਪਬਲਿਕ ਸਕੂਲ ਨੇੜੇ ਲਈਅਰ ਵੈਲੀ ਲੰਬਾਈ ਵਿੱਚ 1.5 ਕਿਲੋਮੀਟਰ ਦੇ ਦੁਆਲੇ ਹੋਵੇਗੀ (ਡੀ.ਏ.ਵੀ. ਪਬਲਿਕ ਸਕੂਲ ਦੇ ਸਾਹਮਣੇ ਤੋਂ ਲੈ ਕੇ ਪੱਖੋਵਾਲ ਰੋਡ ਨੇੜੇ ਰੇਲਵੇ ਕਰਾਸਿੰਗ ਤੱਕ 1.5 ਕਿਲੋਮੀਟਰ) ਅਤੇ ਇਸ 'ਤੇ ਲਗਪਗ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਲਈਅਰ ਵੈਲੀਆਂ ਲਈ ਜ਼ਮੀਨ ਲੁਧਿਆਣਾ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਦਿੱਤੀ ਜਾ ਰਹੀ ਹੈ। ਆਸ਼ੂ ਨੇ ਅੱਗੇ ਦੱਸਿਆ ਕਿ ਡੀ.ਏ.ਵੀ. ਸਕੂਲ ਨੇੜੇ ਖਾਲੀ ਪਈ ਜ਼ਮੀਨ ਕੂੜਾ ਕਰਕਟ ਸੁੱਟਣ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਨੂੰ ਸ਼ਹਿਰ ਦੀ ਬਿਹਤਰੀਨ ਲਈਅਰ ਵੈਲੀ ਵਿੱਚ ਤਬਦੀਲ ਕੀਤਾ ਜਾਵੇਗਾ। ਇੱਥੇ ਨਗਰ ਨਿਗਮ ਵੱਲੋਂ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਵਾਲੇ ਖੂਹ ਦਾ ਨਿਰਮਾਣ ਵੀ ਕੀਤਾ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਡੀ.ਏ.ਵੀ. ਸਕੂਲ ਦੇ ਨੇੜਲੇ ਇਸ ਪ੍ਰਾਜੈਕਟ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਪੌਦੇ, ਲਾਈਟਿੰਗ ਆਦਿ ਇਸ ਦੀ ਵਿਸ਼ੇਸ਼ਤਾਵਾਂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲਈਅਰ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵੈਲੀਬਾਲ ਕੋਰਟਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਮੁਹੱਈਆ ਹੋਣਗੀਆਂ।